ਮਾਨਸਾ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ )– ਮਾਨ ਸਰਕਾਰ ਵਲੋਂ ਸਿਰਫ਼ ਕੁਝ ਸੁਆਲ ਪੁੱਛਣ ਬਦਲੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਤੋਂ ਬਾਅਦ ਹੁਣ ਇਕ ਹੋਰ ਹਮਲਾ ਕਰਦਿਆਂ ਲੋਕ ਆਵਾਜ਼ ਟੀਵੀ ਦਾ ਫੇਸਬੁੱਕ ਪੇਜ ਬੰਦ ਕਰਵਾ ਦੇਣ ਦੀ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਅਪਣੀ ਜਾਇਜ਼ ਆਲੋਚਨਾ ਕਰਨ ਵਾਲਿਆਂ ਪ੍ਰਤੀ ਮਾਨ ਸਰਕਾਰ ਦਾ ਅਜਿਹਾ ਬਦਲੇ ਖੋਰੀ ਵਾਲਾ ਰਵਈਆ ਬਿਲਕੁਲ ਗੈਰ ਜਮਹੂਰੀ ਤੇ ਤਾਨਾਸ਼ਾਹੀ ਵਾਲਾ ਹੈ। ਭਗਵੰਤ ਮਾਨ ਖੁਦ ਇਕ ਗਾਇਕ ਰਹੇ ਹਨ, ਇਸ ਲਈ ਉਨ੍ਹਾਂ ਨੂੰ ਹਬੀਬ ਜਾਲਿਬ ਹੋਰਾਂ ਦਾ ਇਹ ਸ਼ੇਅਰ ਜਰੂਰ ਯਾਦ ਰੱਖਣਾ ਚਾਹੀਦਾ ਹੈ: ਤੁਮ ਸੇ ਪਹਲੇ ਜੋ ਸ਼ਖਸ ਯਹਾਂ ਤਖ਼ਤ-ਨਸ਼ੀਂ ਥਾ, ਉਸ ਕੋ ਭੀ ਅਪਨੇ ਖੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ! ਇਥੇ ਕੋਈ ਸਥਾਈ ਹੁਕਮਰਾਨ ਨਹੀਂ ਹੈ, ਜਿਸ ਜਨਤਾ ਨੇ ਕੁਰਸੀ ਸੌਂਪੀ ਹੈ, ਉਹ ਜਦੋਂ ਚਾਹੇ ਖੋਹ ਵੀ ਸਕਦੀ ਹੈ । ਇਸ ਲਈ ਬੰਦੇ ਨੂੰ ਅਪਣੀ ਔਕਾਤ ਵਿੱਚ ਹੀ ਰਹਿਣਾ ਚਾਹੀਦਾ ਹੈ। ਅਜਿਹੀਆਂ ਮਨਮਾਨੀਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਪਾਰਟੀ ਨੇ ਲੋਕ ਆਵਾਜ਼ ਟੀਵੀ ਚੈਨਲ ਨਾਲ ਅਪਣੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ।ਵਲੋਂ: ਸੁਖਦਰਸ਼ਨ ਸਿੰਘ ਨੱਤ


