ਕਥਿਤ ਖੁਦਕੁਸ਼ੀ ਨੋਟ ਦੀ ਲਿਖਾਵਟ ਬਾਰੇ ਫੋਰੈਂਸਿਕ ਮਾਹਰ ਤੋਂ ਜਾਂਚ ਕਰਵਾਈ ਜਾਵੇ
ਮਾਨਸਾ, ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਲਿਬਰੇਸ਼ਨ ਨੇ ਲੁਧਿਆਣਾ ਪੁਲਸ ਤੋਂ ਮੰਗ ਕੀਤੀ ਹੈ ਕਿ ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਐਡਵੋਕੇਟ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਬਾਰੇ ਤੁਰੰਤ ਐਫ ਆਈ ਆਰ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਮੌਤ ਲਈ ਜਿੰਮੇਵਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਅੱਜ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੂਬਾ ਕਮੇਟੀ ਮੈਂਬਰ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਮਜ਼ਦੂਰ ਮੁਕਤੀ ਮੋਰਚਾ ਦੇ ਵਿਜੇ ਕੁਮਾਰ ਭੀਖੀ, ਗੁਰਸੇਵਕ ਸਿੰਘ ਮਾਨ ਨੇ ਪਿੰਡ ਰੱਲਾ ਪਹੁੰਚ ਕੇ
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਮ੍ਰਿਤਕ ਲੜਕੀ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸ਼ਿਵਜੀ ਰਾਮ ਨੇ ਪਾਰਟੀ ਆਗੂਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਿਲਜੋਤ ਪੜ੍ਹਣ ਤੇ ਖੇਡਾਂ ਚ ਕਾਫੀ ਤੇਜ਼ ਸੀ। ਇਸ ਦੇ ਲਈ ਉਸ ਨੂੰ ਕਈ ਐਵਾਰਡ ਵੀ ਮਿਲੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਉਹ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਸਰਗਰਮ ਕਾਰਕੁੰਨ ਬਣ ਗਈ ਤੇ ਲਾਅ ਕਰਨ ਉਪਰੰਤ ਉਹ ਇਸੇ ਸੰਗਠਨ ਦੀ ਕੁਲਵਕਤੀ ਬਣ ਕੇ ਲੁਧਿਆਣੇ ਵਿਖੇ ਇਸ ਗਰੁੱਪ ਦੇ ਦਫਤਰ ‘ਚ ਰਹਿਣ ਲੱਗੀ । ਉਹ ਵਕੀਲ ਵਜੋਂ ਵੀ ਮਜ਼ਦੂਰਾਂ ਦੇ ਕੇਸ ਲੜਦੀ ਅਤੇ ਦਿਨ ਰਾਤ ਜਥੇਬੰਦੀ ਦੀਆਂ ਸਰਗਰਮੀਆਂ ਅਤੇ ਉਨ੍ਹਾਂ ਵਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਤੇ ਪੇਪਰਾਂ ਦੀ ਵਿਕਰੀ ਤੇ ਪ੍ਰਚਾਰ ਕਰਦੀ ਸੀ। ਪਰਿਵਾਰ ਨੇ ਦੱਸਿਆ ਕਿ ਦਿਲਜੋਤ ਕੁਝ ਸਮੇਂ ਤੋਂ ਜਥੇਬੰਦੀ ਦੇ ਕੁਝ ਆਗੂਆਂ ਦੇ ਬਦਲੇ ਰੁੱਖ ਤੋਂ ਬੁਰੀ ਤਰ੍ਹਾਂ ਪ੍ਰੇਸਾਨ ਸੀ। ਉਸ ਦੀ ਮਾਤਾ ਨੇ ਦਸਿਆ ਕਿ ਦੱਸਿਆ ਕਿ
ਪੰਜ ਜਨਵਰੀ ਨੂੰ ਮੇਰੀ ਉਸ ਨਾਲ ਦੁਪਿਹਰੋਂ ਪਹਿਲਾਂ ਅਤੇ ਬਾਅਦ ਦੁਪਹਿਰ ਚਾਰ ਕੁ ਵਜੇ ਫੋਨ ‘ਤੇ ਦੋ ਵਾਰ ਗੱਲ ਹੋਈ ਹੈ, ਉਹ ਪੂਰੀ ਤਰ੍ਹਾਂ ਠੀਕ ਠਾਕ ਸੀ, ਪਰ ਉਸੇ ਸ਼ਾਮ ਕਾਫੀ ਲੇਟ ਮੈਨੂੰ ਉਸ ਨਾਲ ਕੰਮ ਕਰਦੀ ਇਕ ਲੜਕੀ ਦਾ ਫੋਨ ਆਇਆ ਕਿ ਦਿਲਜੋਤ ਬੇਹੋਸ਼ ਹੋ ਗਈ ਹੈ। ਪਰ ਜਦ ਸਵੇਰੇ ਮੈਂ ਤੇ ਮੇਰਾ ਭਰਾ ਉਥੇ ਪਹੁਚੇ ਤਾਂ ਸਾਨੂੰ ਦਿਲਜੋਤ ਦੀ ਲਾਸ਼ ਮਿਲੀ। ਜਦ ਅਸੀਂ ਪੁਲਿਸ ਨਾਲ ਇਉਂ ਅਚਾਨਕ ਭੇਤ ਭਰੇ ਢੰਗ ਨਾਲ ਹੋਈ ਸਾਡੀ ਲੜਕੀ ਦੀ ਮੌਤ ਬਾਰੇ ਜਾਂਚ ਕਰਨ ਦੀ ਗੱਲ ਕੀਤੀ ਤਾਂ ਪੁਲਿਸ ਦਾ ਰਵੱਇਆ ਟਾਲਮਟੋਲ ਵਾਲਾ ਸੀ ਅਤੇ ਉਹ ਐਫ ਆਈ ਆਰ ਦਰਜ ਕਰਨ ਨੂੰ ਵੀ ਤਿਆਰ ਨਹੀਂ ਸਨ।
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਉਨਾਂ ਦੇ ਖੁਦਕੁਸ਼ੀ ਨੋਟ ਦੀ ਕਾਪੀ ਨੂੰ ਗੌਰ ਨਾਲ ਵੇਖਿਆ, ਪਰ ਉਹ ਬਿਲਕੁਲ ਸ਼ੱਕੀ ਜਾਪਦਾ ਹੈ । ਜਿਸ ਦੀ ਲਾਜ਼ਮੀ ਫੋਰੇਂਸਿਕ ਮਾਹਿਰਾਂ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਅਤੇ ਦਿਲਜੋਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਬਿਆਨ ਵਿੱਚ ਦਸਿਆ ਗਿਆ ਹੈ ਕਿ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਭਲਕੇ 9 ਜਨਵਰੀ ਨੂੰ ਗਿਆਰਾਂ ਵਜੇ ਲੁਧਿਆਣੇ ਵਿਖੇ ਇਕ ਸਾਂਝੀ ਮੀਟਿੰਗ ਬੁਲਾਈ ਗਈ ਹੈ , ਜਿਥੇ ਇਸ ਮਾਮਲੇ ਬਾਰੇ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਹ ਕਮੇਟੀ ਪ੍ਰਸਾਸ਼ਨ ਨੂੰ ਮਿਲ ਕੇ ਐਫ ਆਈ ਆਰ ਦਰਜ ਕਰਨ ਅਤੇ ਮ੍ਰਿਤਕ ਲੜਕੀ ਨੂੰ ਇਨਸਾਫ ਦੇਣ ਦੀ ਮੰਗ ਕਰੇਗੀ। ਪੁਲਿਸ ਨਾਲ ਮਿਲਣ ਤੋਂ ਬਾਅਦ ਹੀ ਕਮੇਟੀ ਕਿਸੇ ਅਗਲੇ ਸੰਘਰਸ਼ ਬਾਰੇ ਫੈਸਲਾ ਕਰੇਗੀ।


