ਸਫ਼ਰ-ਏ-ਸ਼ਹਾਦਤ ਐਨ.ਐਸ.ਐਸ ਕੈਂਪ ਦਾ ਦੂਸਰਾ ਦਿਨ-ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤੀ ਨੂੰ ਸਮਰਪਿਤ

ਗੁਰਦਾਸਪੁਰ

ਗੁਰਦਾਸਪੁਰ , 25 ਦਸੰਬਰ (ਸਰਬਜੀਤ ਸਿੰਘ)– ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਚੱਲ ਰਹੇ ਸਫ਼ਰ-ਏ-ਸ਼ਹਾਦਤ ਐਨ.ਐਸ.ਐਸ ਕੈਂਪ ਦੇ ਦੂਸਰੇ ਦਿਨ ਦਾ ਕੇਂਦਰੀ ਵਿਸ਼ਾ “ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤੀ ਸੋਚ ਰਿਹਾ। ਇਸ ਅਵਸਰ ‘ਤੇ ਗੁਰੂ ਸਾਹਿਬ ਦੇ ਮਹਾਨ ਉਚਾਰਨ “ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਪੁੱਤ ਚਾਰ। ਚਾਰ ਮੂਏ ਤੋ ਕਿਆ ਹੋਆ, ਜੀਵਤ ਕਈ ਹਜ਼ਾਰ।”ਦੇ ਡੂੰਘੇ ਅਰਥਾਂ ਨੂੰ ਵਿਦਿਆਰਥੀਆਂ ਸਾਹਮਣੇ ਭਾਵਪੂਰਕ ਢੰਗ ਨਾਲ ਉਜਾਗਰ ਕੀਤਾ ਗਿਆ।

 ਡਾ. ਪਲਵਿੰਦਰ ਕੌਰ, ਪੰਜਾਬੀ ਵਿਭਾਗ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਹੀ ਭਾਵਮਈ, ਹਿਰਦੇ ਨੂੰ ਛੂਹਣ ਵਾਲਾ ਅਤੇ ਆਤਮਿਕ ਤੌਰ ‘ਤੇ ਜਾਗਰੂਕ ਕਰਨ ਵਾਲਾ ਰਿਹਾ, ਜਿਸ ਨੇ ਵਿਦਿਆਰਥੀਆਂ ਨੂੰ ਸ਼ਹਾਦਤ, ਤਿਆਗ ਅਤੇ ਮਨੁੱਖਤਾ ਦੇ ਅਸਲੀ ਅਰਥਾਂ ਨਾਲ ਜੋੜਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਯੋਗਾ ਦੀ ਵਿਵਸਥਿਤ ਸਿਖਲਾਈ ਵੀ ਦਿੱਤੀ ਗਈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਪ੍ਰਸਾਰਤ ਹੋਇਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੂਰੀ ਮਰਿਆਦਾ ਅਤੇ ਅਨੁਸ਼ਾਸਨ ਨਾਲ ਕਾਲਜ ਵਿੱਚ ਸਫਾਈ ਅਭਿਆਨ  ਵੀ ਚਲਾਇਆ ਗਿਆ। ਦਿਨ ਦੇ ਅੰਤ ‘ਚ ਮਾਤਾ ਖੀਵੀ ਜੀ ਦੀ ਰਸੋਈ ਦੀ ਪ੍ਰੇਰਣਾ ਨਾਲ ਵਿਦਿਆਰਥੀਆਂ ਲਈ ਲੰਗਰ ਸੇਵਾ ਦਾ ਆਯੋਜਨ ਕੀਤਾ ਗਿਆ, ਜੋ ਸਾਰੇ ਸਟਾਫ ਵੱਲੋਂ ਮਿਲਜੁਲ ਕੇ ਤਿਆਰ ਕੀਤਾ ਗਿਆ ਅਤੇ ਮਰਿਆਦਾ ਪੂਰਵਕ ਛਕਾਇਆ ਗਿਆ। ਇਹ ਦਿਨ ਸੇਵਾ, ਸਿਮਰਨ, ਤਿਆਗ ਅਤੇ ਸ਼ਹਾਦਤ ਦੀ ਰੂਹ ਨਾਲ ਜੁੜਿਆ ਇੱਕ ਯਾਦਗਾਰ ਅਨੁਭਵ ਬਣ ਕੇ ਰਹਿ ਗਿਆ।

Leave a Reply

Your email address will not be published. Required fields are marked *