ਕਿਹਾ- ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ
ਵਿਧਾਇਕ ਰੰਧਾਵਾ ਨੇ ਪਿੰਡ ਕਮਾਲਪੁਰ ਜੱਟਾਂ, ਚਿੱਕੜੀ, ਕਲਾਨੌਰ ਉੱਤਰੀ, ਡੇਅਰੀਵਾਲ ਕਿਰਨ ਅਤੇ ਖੋਗੇਵਾਲ ਪਿੰਡਾਂ ਦੇ ਹੜ ਪੀੜਤਾਂ ਨੂੰ ਰਾਹਤ ਰਾਸ਼ੀ ਵੰਡੀ
ਡੇਰਾ ਬਾਬਾ ਨਾਨਕ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾ ਮੁਆਵਜ਼ਾ ਰਾਸ਼ੀ ਵੰਡੀ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਬਾਂਹ ਫ਼ੜੀ ਹੈ।
ਇਹ ਪ੍ਰਗਟਾਵਾ ਗੁਰਦੀਪ ਸਿੰਘ ਰੰਧਾਵਾ, ਵਿਧਾਇਕ ਡੇਰਾ ਬਾਬਾ ਨਾਨਕ ਨੇ ਕੀਤਾ।
ਉਨ੍ਹਾਂ ਅੱਜ ਕਲਾਨੌਰ ਨੇੜਲੇ ਪਿੰਡਾਂ ਪਿੰਡ ਕਮਾਲਪੁਰ ਜੱਟਾਂ ਦੇ 50 ਹੜ ਪੀੜਤਾਂ ਨੂੰ ਕਰੀਬ 18 ਲੱਖ ਰੁਪਏ ਦੀ ਰਾਹਤ ਰਾਸ਼ੀ, ਪਿੰਡ ਚਿੱਕੜੀ ਦੇ 89 ਪੀੜਤਾਂ ਨੂੰ ਕਰੀਬ 25 ਲੱਖ ਰੁਪਏ, ,ਕਲਾਨੌਰ ਉੱਤਰੀ ਦੇ 50 ਪੀੜਤਾਂ ਨੂੰ 49 ਲੱਖ ਰੁਪਏ,, ਡੇਅਰੀਵਾਲ ਕਿਰਨ ਦੇ 50 ਪੀੜਤਾਂ ਨੂੰ 20 ਲੱਖ ਰੁਪਏ ਅਤੇ ਖੋਗੇਵਾਲ ਦੇ 50 ਹੜ ਪੀੜਤਾਂ ਨੂੰ ਤਿੰਨ ਲੱਖ ਰੁਪਏ, ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ। ਇਸ ਮੌਕੇ ਐਸਡੀਐਮ ਜਯੋਤਸਨਾ ਸਿੰਘ, ਤਹਿਸੀਲਦਾਰ ਰਜਿੰਦਰ ਸਿੰਘ, ਬੀਡੀਪੀਓ ਸੁਰਜੀਤ ਸਿੰਘ ਅਤੇ ਪਿੰਡਾਂ ਦੇ ਪੰਚ-ਸਰਪੰਚ ਆਦਿ ਮੌਜੂਦ ਸਨ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜੋ ਦੀਵਾਲੀ ਤੋਂ ਪਹਿਲਾ ਇਹ ਮੁਆਵਜ਼ਾ ਵੰਡਣ ਦਾ ਹੜ੍ਹ ਪੀੜਤ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਨ੍ਹਾਂ ਜੋ ਕਿਹਾ ਉਹ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਨੇ ਪਹਿਲੀ ਵਾਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁਆਵਜ਼ਾ ਇੱਕ ਮਹੀਨੇ ਦੇ ਸਮੇਂ ਵਿੱਚ ਹੀ ਦੀਵਾਲੀ ਤੋਂ ਪਹਿਲਾ ਦਿੱਤਾ ਜਾ ਰਿਹਾ ਹੈ ਜੋ ਕਿ ਕਾਫੀ ਸਲਾਹੁਣਯੋਗ ਕਾਰਜ ਹੈ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਕ ਇਤਿਹਾਸਕ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ “ਜਿਸਦਾ ਖੇਤ, ਉਸਦੀ ਰਾਤ“ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਅਨੁਸਾਰ ਕਿਸਾਨ ਬਿਨਾਂ ਕਿਸੇ ਪਰਮਿਟ ਦੇ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਅਤੇ ਗਾਰ ਨੂੰ ਹਟਾ ਸਕਦੇ ਹਨ ਜਾਂ ਮਰਜ਼ੀ ਮੁਤਾਬਕ ਵੇਚ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਮੁਫ਼ਤ ਮੁਹੱਈਆ ਕਰਵਾਇਆ ਗਿਆ ਹੈ। ਡਾਕਟਰੀ ਜਾਂਚ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੁਫਤ ਸਿਹਤ ਕੈਂਪ ਲਾਏ ਗਏ ਹਨ ਅਤੇ ਪਸ਼ੂਆਂ ਲਈ ਵਿਸੇਸ਼ ਟੀਕਾਕਰਨ ਮੁਹਿੰਮ ਸੁਰੂ ਕੀਤੀ ਗਈ ਸੀ।


