ਚਿਲਡਰਨ ਹੋਮ ’ਚ ਰਹਿ ਰਹੇ ਬੱਚਿਆਂ ਦੀ ਪਰਵਰਿਸ਼ ਕਰਨਾ ਸਾਡੀ ਸਾਰਿਆਂ ਦੀ ਸਮਾਜਿਕ, ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ – ਸੈਸ਼ਨ ਜੱਜ ਸ੍ਰੀ ਅਗਰਵਾਲ
ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ
ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਚਿਲਡਰਨ ਹੋਮ ਗੁਰਦਾਸਪੁਰ ਦੇ ਬੱਚਿਆਂ ਨਾਲ ਦੀਵਾਲੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੀਨਾ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਉਨ੍ਹਾਂ ਦੀ ਧਰਮ ਪਤਨੀ ਮੌਹਤਮਾ ਸ਼ੈਹਲਾ ਕਾਦਰੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਸਕੱਤਰ ਮੈਡਮ ਨਵਦੀਪ ਕੌਰ ਗਿੱਲ, ਸੁਪਰਡੈਂਟ ਜੇਲ੍ਹ ਸ. ਆਰ.ਐੱਸ. ਹੁੰਦਲ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਸੀ.ਐੱਮ.ਓ. ਡਾ. ਹਰਭਜਨ ਰਾਮ ਮਾਂਡੀ, ਸੁਪਰਡੈਂਟ ਚਿਲਡਰਨ ਹੋਮ ਮੈਡਮ ਸੰਦੀਪ ਕੌਰ ਵਿਰਦੀ, ਸੈਕਟਰੀ ਰਾਜੀਵ ਠਾਕੁਰ, ਸ. ਸੁੱਚਾ ਸਿੰਘ ਮੁਲਤਾਨੀ, ਰਜਨੀ ਬਾਲਾ, ਮੋਹਤ ਮਹਾਜਨ, ਸ੍ਰੀਮਤੀ ਸੁਰਿੰਦਰ ਕੌਰ ਪੰਨੂ ਅਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।
ਬੱਚਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਚਿਲਡਰਨ ਹੋਮ ਵਿੱਚ ਰਹਿ ਰਹੇ ਬੱਚੇ ਆਪਣੇ ਆਪ ਨੂੰ ਕਦੀ ਇਕੱਲਾ ਮਹਿਸੂਸ ਨਾ ਕਰਨ ਕਿਉਂਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਪਰਵਰਿਸ਼ ਕਰਨਾ ਸਾਡੀ ਸਾਰਿਆਂ ਦੀ ਸਮਾਜਿਕ, ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਿਲਡਰਨ ਹੋਮ ਵਿੱਚ ਬੱਚਿਆਂ ਦੀ ਦੇਖਭਾਲ, ਪੜ੍ਹਾਈ ਸਮੇਤ ਹਰ ਸਹੂਲਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਹ ਇਸ ਕਾਮਯਾਬ ਦੀਵਾਲੀ ਸਮਾਗਮ ਲਈ ਚਿਲਡਨ ਹੋਮ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਵੀ ਚਿਲਡਰਨ ਹੋਮ ਦੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਇਹ ਦੀਵਾਲੀ ਹਰ ਇੱਕ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਤੇ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਚਿਲਡਰਨ ਹੋਮ ਦੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਤੋਂ ਪਹਿਲਾਂ ਚਿਲਡਰਨ ਹੋਮ ਗੁਰਦਾਸਪੁਰ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਅਤੇ ਨਸ਼ਿਆਂ ਦੀ ਬੁਰਾਈ ਉੱਪਰ ਸਕਿੱਟ ਪੇਸ਼ ਕੀਤੀ। ਗਾਇਕ ਰਵੀ ਰਿਧਮ ਨੇ ਵੀ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨਿਆ। ਸਮਾਗਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਤੇ ਹੋਰ ਮਹਿਮਾਨਾਂ ਵੱਲੋਂ ਚਿਲਡਰਨ ਹੋਮ ਦੇ ਬੱਚਿਆਂ ਨੂੰ ਦੀਵਾਲੀ ਦੇ ਤੋਹਫ਼ੇ ਦਿੱਤੇ ਗਏ।