ਫਿਲੌਰ , ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸਬੰਧੀ ਸਰਕਾਰੀ ਅਤੇ ਗੈਰ ਸਰਕਾਰੀ ਧਾਰਮਿਕ ਜਥੇਬੰਦੀਆਂ ਬਹੁਤ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ ਜੋ ਬਹੁਤ ਹੀ ਚੰਗੀ ਗੱਲ ਤੇ ਵੱਡੇ ਭਾਗ ਹਨ, ਪੰਜਾਬ ਸਰਕਾਰ ਵੀ 350 ਸਾਲਾਂ ਨੂੰ ਸਮਰਪਿਤ ਰੱਖੜਪੁਨਿਆ ਤੇ ਇਕੱਠ ਕਰ ਰਹੀ ਹੈ, ਉਥੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਨੇੜੇ ਆਲੋਵਾਲ ਫਿਲੌਰ ਵਿਖੇ 350 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਰੱਖੜ ਪੁੰਨਿਆ ਨੂੰ ਸਮਰਪਿਤ ਪੰਜ ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਹਾਜ਼ਰੀ ਲਵਾਈ, ਸਮੂਹ ਅਖੰਡ ਪਾਠ ਸ਼ਰਧਾਲੂਆਂ, ਧਾਰਮਿਕ ਬੁਲਾਰਿਆ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਸਨਮਾਨ ਕੀਤਾ ਗਿਆ ਅਤੇ ਸਾਰੀਆਂ ਸੰਗਤਾਂ ਨੇ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ,ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦੱਸਿਆ ਸਮਾਗਮ ਸਬੰਧੀ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਪੰਜ ਲੜੀਵਾਰ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਵੱਲੋਂ ਕੀਤੀ ਗਈ ਅਤੇ ਹੁਕਮਨਾਮੇ ਤੇ ਕਥਾ ਵਿਚਾਰ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਸਮਾਗਮ ਵਿੱਚ ਅੱਧੀ ਦਰਜਨ ਤੋਂ ਵੱਧ ਬੁਲਾਰਿਆਂ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ, ਸੰਤ ਸੁਖਵਿੰਦਰ ਸਿੰਘ ਜੀ ਨੇ ਕਥਾ ਵਿਚਾਰ ਰਾਹੀਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਤੇ ਰੱਖੜ ਪੁੰਨਿਆ ਦੇ ਤਿਉਹਾਰ ਸਬੰਧੀ ਸੰਗਤਾਂ ਨੂੰ ਵਿਸਥਾਰ ਨਾਲ ਚਾਨਣਾ ਪਾਇਆ , ਅਖੰਡ ਪਾਠ ਸ਼ਰਧਾਲੂਆਂ ਧਾਰਮਿਕ ਬੁਲਾਰਿਆ ਤੇ ਹੋਰਾ ਦਾ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ, ਡਾਕਟਰ ਅਮਰਜੋਤ ਸਿੰਘ ਸੰਧੂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਬਾਬਾ ਦਾਰਾ ਸਿੰਘ ਭਾਈ ਗੁਰਮੇਲ ਸਿੰਘ ਭਾਈ ਰਵਿੰਦਰ ਸਿੰਘ ਭਾਈ ਓਂਕਾਰ ਸਿੰਘ ਤੇ ਭਾਈ ਰਿੰਕੂ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ ।


