ਗੁਰਦਾਸਪੁਰ 14 ਅਕਤੂਬਰ (ਸਰਬਜੀਤ ਸਿੰਘ)– ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਜਮ੍ਹਾਬੰਦੀਆਂ ਚੋਂ ਰੈੱਡ ਐਂਟਰੀਆਂ ਹਟਾਉਣ ਲਈ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਭਾਰਤ ਵਿੱਚ ਸ਼ਾਮਲ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਬਲਬੀਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਅਠਵਾਲ ਕੰਵਲਜੀਤ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਹੇਠ ਇਕ ਵਫਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ। ਪਰ ਇਸੇ ਦੌਰਾਨ ਹੀ ਕਿਸਾਨਾਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨਾਲ ਬਹਿਸ਼ਬਾਜੀ ਸ਼ੁਰੂ ਹੋ ਗਈ। ਜਿਸਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ।
ਕਿਸਾਨ ਆਗੂ ਭੋਜਰਾਜ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਸੀ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਵੇ ਲੇਕਿਨ ਸਰਕਾਰ ਨੇ 2500 ਰੁਪਏ ਸਹਾਇਤਾ ਰਾਸ਼ੀ ਦੇਣ ਦੀ ਗੱਲ ਮੰਨੀ ਸੀ।ਜਿਸ ਤੋਂ ਸਰਕਾਰ ਮੁੱਕਰ ਗਈ ਹੈ।ਇਸ ਲਈ ਛੋਟੇ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹੋਣਗੇ। ਮੁੱਖ ਮੰਤਰੀ ਪੰਜਾਬ ਦੀ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਗਿਆ ਗੈਰ ਰਾਜਨੀਤਕ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਦੀ ਮੰਗ ਤੇ ਇਹ ਗੱਲ ਮੰਨੀ ਸੀ ਕਿ ਅੱਗ ਲਾਉਣ ਵਾਲੇ ਕਿਸਾਨਾਂ ਦੇ ਖਾਤਿਆਂ ਚ ਰੈੱਡ ਐਂਟਰੀਆਂ ਨਹੀਂ ਹੋਣਗੀਆਂ। ਕਿਸੇ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਾਵੇਗਾ। ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਲੇਕਿਨ ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਕਿਸਾਨਾਂ ਦੀਆਂ ਜਮ੍ਹਾਂਬੰਦੀਆਂ ਵਿਚ ਰੈੱਡ ਐਂਟਰੀਆਂ ਕੀਤੀਆਂ ਗਈਆਂ। ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਹ ਦਰਜ ਕੀਤੀਆਂ ਰੈੱਡ ਐਂਟਰੀਆਂ ਹਟਾਉਣ ਦੀ ਬੇਨਤੀ ਕੀਤੀ, ਜਿਸ ਤੇ ਡਿਪਟੀ ਕਮਿਸ਼ਨਰ ਨੇ ਗੱਲ ਨੂੰ ਅਣਗੌਲਣ ਦਾ ਯਤਨ ਕੀਤਾ। ਜਦੋਂ ਕਿਸਾਨ ਆਗੂਆਂ ਨੇ ਪੁੱਛਿਆ ਕਿ ਇਹ ਐਂਟਰੀਆਂ ਕਦੋਂ ਤੱਕ ਰੱਦ ਕਰ ਦਿੱਤੀਆਂ ਜਾਣਗੀਆਂ ਤਾਂ ਡਿਪਟੀ ਕਮਿਸ਼ਨਰ ਨੇ ਸਰਕਾਰ ਦਾ ਪੱਖ ਦੱਸਦਿਆਂ ਕਿਹਾ ਕਿ ਸਾਨੂੰ ਸਖ਼ਤ ਹਦਾਇਤਾਂ ਹਨ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਾਤਿਆਂ ਚ ਰੈੱਡ ਐਂਟਰੀਆਂ ਕੀਤੀਆਂ। ਉਨ੍ਹਾਂ ਦੇ ਪਾਸਪੋਰਟਾਂ ਦੀਆਂ ਇਨਕੁਆਰੀਆਂ ਰੋਕੀਆਂ ਜਾਣ ਅਤੇ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਲਾਭ ਰੋਕੇ ਜਾਣ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੋਰ ਕਿਸੇ ਵੀ ਜਿਲੇ ਵਿੱਚ ਰੈੰਡ ਐਂਟਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਪਰ ਗੁਰਦਾਸਪੁਰ ਜਿਲੇ ਵਿੱਚ ਕਿਸਾਨਾਂ ਤੇ ਇਹ ਸਭ ਕਰਕੇ ਪੰਜਾਬ ਸਰਕਾਰ ਅਤੇ ਡੀ.ਸੀ ਗੁਰਦਾਸਪੁਰ ਨਾਦਰਸ਼ਾਹੀ ਵਤੀਰਾ ਅਖ਼ਤਿਆਰ ਕਰ ਰਹੀ ਹੈ। ਆਪ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕਰਦੀ ਮਾਨਯੋਗ ਸੁਪਰੀਮ ਕੋਰਟ ਨੇ 2400 ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਰਾਹਤ ਰਾਸ਼ੀ ਜਾਰੀ ਕਰਨ ਦੀ ਗੱਲ ਕੀਤੀ ਹੈ। ਸਰਕਾਰ ਦੀ ਦੋਗਲੀ ਨੀਤੀ ਸਾਹਮਣੇ ਆ ਰਹੀ ਹੈ ਕਿ ਮੀਟਿੰਗ ਵਿਚ ਤਾਂ ਉਹ ਕਿਸਾਨਾਂ ਦੇ ਵਿਰੁੱਧ ਅਜਿਹੀ ਕਾਰਵਾਈ ਅਮਲ ਵਿੱਚ ਨਾ ਲਿਆਉਣ ਦੀ ਗੱਲ ਕਰ ਰਹੀ ਹੈ ਲੇਕਿਨ ਗਰਾਊਂਡ ਲੈਵਲ ਦੇ ਉੱਤੇ ਇਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀਆਂ ਕਾਰਵਾਈਆਂ ਨੂੰ ਵੀ ਮਾਤ ਪਾ ਦਿੱਤੀ ਹੈ। ਉਨਾਂ ਕਿਹਾ ਕਿ ਜੇਕਰ ਇਹ ਕੰਮ ਨਾ ਰੋਕਿਆ ਗਿਆ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਖਾਸਾਂਵਾਲੀ, ਧਰਮਵੀਰ ਆਲੇਚੱਕ, ਚਮਨ ਮਸੀਹ, ਚਰਨਜੀਤ, ਸੁੱਖ ਕਾਦੀਆਂ, ਅਮਰ ਸ਼ੇਰ ਸਿੰਘ ਰੰਧਾਵਾ, ਸਤਨਾਮ ਸਿੰਘ,ਅਰਜੁਨ ਸਿੰਘ,ਜਸਬੀਰ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਚੱਠਾ ਆਦਿ ਕਿਸਾਨ ਹਾਜਰ ਸਨ।