ਸੁਰੱਖਿਆ ਉਪਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਵਾਸੀ ਰਾਤ ਸਮੇਂ ਬਲੈਕਆਉਟ ਨੂੰ ਜਾਰੀ ਰੱਖਣ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਕੱਲ੍ਹ 12 ਮਈ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲ ਰਹਿਣਗੇ ਬੰਦ

ਕਿਹਾ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤੀ ਪੂਰੀ ਤਰਾਂ ਸ਼ਾਂਤਮਈ ਅਤੇ ਕਾਬੂ ਹੇਠ

ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਸੀਜ਼ਫਾਇਰ ਹੋਣ ਉਪਰੰਤ ਹਾਲਤਾਂ ਵਿੱਚ ਸੁਧਾਰ ਹੋਇਆ ਹੈ ਅਤੇ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰਾਂ ਸ਼ਾਂਤਮਈ ਅਤੇ ਕਾਬੂ ਹੇਠ ਹੈ। ਪਰ ਇਸਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪੂਰੀ ਚੌਕਸੀ ਅਤੇ ਅਹਿਤਿਆਤ ਵਰਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਰਾਤ ਦੇ ਬਲੈਕਆਊਟ ਦੇ ਹੁਕਮ ਵਾਪਸ ਨਹੀਂ ਲਏ ਗਏ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਸੁਰੱਖਿਆ ਉਪਾਵਾਂ ਵਜੋਂ ਸਵੈ-ਇੱਛਾ ਨਾਲ ਸ਼ਾਮ 8:00 ਵਜੇ ਤੋਂ ਸਵੇਰੇ 5:00 ਵਜੇ ਤੱਕ ਆਪਣੇ ਘਰਾਂ ਦੇ ਅੰਦਰ-ਬਾਹਰ ਦੀਆਂ ਲਾਈਟਾਂ ਨੂੰ ਬੰਦ ਰੱਖ ਕੇ ਬਲੈਕਆਊਟ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ ਬਲੈਕਆਊਟ ਦੇ ਸਮੇਂ ਬਿਨ੍ਹਾਂ ਕਿਸੇ ਕਾਰਨ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।

ਉਨ੍ਹਾਂ ਕਿਹਾ ਕਿ ਸਥਿਤੀ ਇਸ ਵੇਲੇ ਸ਼ਾਂਤੀਪੂਰਨ ਹੈ ਅਤੇ ਜੇਕਰ ਸਥਿਤੀ ਵਿੱਚ ਕੋਈ ਬਦਲਾਓ ਹੁੰਦਾ ਹੈ ਤਾਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 01874-266376 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਅੱਗੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲ ਕੱਲ੍ਹ ਮਿਤੀ 12 ਮਈ 2025 ਨੂੰ ਪੂਰਨ ਤੌਰ `ਤੇ ਬੰਦ ਰਹਿਣਗੇ। ਅਧਿਆਪਕ ਵਿਦਿਆਰਥੀਆਂ ਦੀਆਂ ਆਨ-ਲਾਈਨ ਕਲਾਸਾਂ ਲਗਾਉਣਗੇ। ਉਨ੍ਹਾਂ ਕਿਹਾ ਕਿ ਇਸ ਦਿਨ ਕਾਲਜ, ਬੋਰਡ, ਯੂਨੀਵਰਸਿਟੀਆਂ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਆਮ ਵਾਂਗ ਹੋਣਗੀਆਂ।

Leave a Reply

Your email address will not be published. Required fields are marked *