ਪੰਜਾਬ ਦੇ ਪਾਣੀ ਖੋਹ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਪੰਜਾਬੀਆਂ ਦੇ ਜਖਮਾਂ ਤੇ ਲੂਣ ਛਿੜਕਿਆ- ਰਮਨ ਬਹਿਲ

ਗੁਰਦਾਸਪੁਰ

ਕੇਂਦਰ ਸਰਕਾਰ ਦੇ ਸਰਕਾਰ ਪੱਖੀ ਹੋਣ ਸਬੰਧੀ ਸੋਹਲੇ ਗਾਉਣ ਵਾਲੇ ਭਾਜਪਾ ਆਗੂ ਸਪਸ਼ਟ ਕਰਨ ਆਪਣਾ ਸਟੈਂਡ

ਕਿਹਾ- ਭਾਜਪਾ ਨੇ ਚੁੱਕਿਆ ਪੰਜਾਬੀਆਂ ਨੂੰ ਤਬਾਹ ਕਰਨ ਵਾਲਾ ਮੰਦਭਾਗਾ ਕਦਮ

ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ ਤੋਂ 8500 ਕਿਊਸਿਕ ਪਾਣੀ ਹਰਿਆਣਾ ਨੂੰ ਦੇਣ ਦੇ ਕੀਤੇ ਗਏ ਫੈਸਲੇ ਨੂੰ ਪੰਜਾਬ ਦੇ ਹੱਕਾਂ ਤੇ ਵੱਡਾ ਡਾਕਾ ਦੱਸਦਿਆਂ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਨੂੰ ਤਬਾਹੀ ਦੇ ਕੰਢੇ ਤੇ ਲਿਆਉਣ ਵਾਲਾ ਮੰਦਭਾਗਾ ਕਦਮ ਹੈ। ਰਮਨ ਬਹਿਲ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਤਬਾਹ ਕਰਨ ਦੇ ਕਈ ਫੈਸਲੇ ਲੈ ਚੁੱਕੀ ਹੈ‌। ਪਰ ਹੁਣ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਮਿਲ ਕਿ ਇੱਕ ਅਜਿਹਾ ਫੈਸਲਾ ਲਿਆ ਹੈ ਜੋ ਨਾ ਸਿਰਫ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰੇਗਾ ਸਗੋਂ ਪੰਜਾਬ ਦੇ ਵਪਾਰੀ ਵਰਗ ਸਮੇਤ ਹਰੇਕ ਵਿਅਕਤੀ ਤੇ ਇਸ ਦਾ ਮਾਰੂ ਪ੍ਰਭਾਵ ਦੇਖਣ ਨੂੰ ਮਿਲੇਗਾ। ਬਹਿਲ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਵਿੱਚ 80 ਫੀਸਦੀ ਵੱਸੋਂ ਖੇਤੀਬਾੜੀ ਤੇ ਨਿਰਭਰ ਹੈ ਅਤੇ ਖੇਤੀਬਾੜੀ ਪਾਣੀ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਪਾਣੀ ਵੱਡੀ ਮਾਤਰਾ ਵਿੱਚ ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਦੇ ਦਿੱਤੇ ਜਾਣ ਕਾਰਨ ਪੰਜਾਬ ਵਿੱਚ ਪਾਣੀ ਦੀ ਵੱਡੀ ਕਿੱਲਤ ਪੈਦਾ ਹੋ ਚੁੱਕੀ ਹੈ। ਪਰ ਇਸ ਦੇ ਬਾਵਜੂਦ ਪੰਜਾਬ ਦੇ ਗੰਭੀਰ ਸੰਕਟ ਨੂੰ ਸਮਝਣ ਦੀ ਬਜਾਏ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਾਦਰਸ਼ਾਹੀ ਫਰਮਾਨ ਥੋਪ ਦਿੱਤਾ ਹੈ। ਉਹਨਾਂ ਕਿਹਾ ਕਿ ਪਾਣੀ ਦੀ ਕਮੀ ਕਾਰਨ ਜੇਕਰ ਪੰਜਾਬ ਦੀ ਕਿਸਾਨੀ ‘ਤੇ ਅਸਰ ਪਿਆ ਤਾਂ ਇਸ ਨਾਲ ਸੂਬੇ ਦਾ ਵਪਾਰੀ ਵਰਗ ਵੀ ਤਬਾਹ ਹੋ ਜਾਵੇਗਾ। ਕਿਉਂਕਿ ਜੇਕਰ ਕਿਸਾਨ ਅਤੇ ਪਿੰਡਾਂ ਵਿੱਚ ਵੱਸਦੀ ਵੱਸੋਂ ਖੁਸ਼ਹਾਲ ਨਹੀਂ ਹੋਵੇਗੀ ਤਾਂ ਸ਼ਹਿਰਾਂ ਵਿੱਚ ਵਪਾਰ ਵੀ ਖਤਮ ਹੋਣ ਕਿਨਾਰੇ ਪਹੁੰਚ ਜਾਵੇਗਾ। ਪਹਿਲਾਂ ਹੀ ਪੰਜਾਬ ਨੂੰ ਕਈ ਸਹੂਲਤਾਂ ਚੋਂ ਵਾਂਝੇ ਰੱਖ ਕੇ ਕੇਂਦਰ ਸਰਕਾਰ ਨੇ ਕਈ ਵਾਰ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਹ ਗੱਲ ਜੱਗ ਜਾਹਰ ਹੈ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਕੋਈ ਵੀ ਪੈਕਜ ਨਹੀਂ ਦਿੱਤਾ ਅਤੇ ਨਾ ਹੀ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਕੋਈ ਵਿਸ਼ੇਸ਼ ਰਾਹਤ ਦਿੱਤੀ ਹੈ ਜਦੋਂ ਕਿ ਗੁਆਂਢੀ ਸੂਬਿਆਂ ਨੂੰ ਕਈ ਰਿਆਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਾਸੀ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਬੇਹੱਦ ਮਾਯੂਸ ਹੋ ਚੁੱਕੇ ਹਨ। ਪਰ ਹੁਣ ਇਸ ਰਿਪੇਰੀਅਨ ਸੂਬੇ ਦੇ ਪਾਣੀਆਂ ਨੂੰ ਖੋਹਣ ਦਾ ਵੱਡਾ ਫੈਸਲਾ ਕਰਕੇ ਇੱਕ ਵਾਰ ਫਿਰ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਵਾਸੀਆਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ।  ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਪੱਖੀ ਦੱਸਣ ਵਾਲੇ ਪੰਜਾਬ ਨਾਲ ਸੰਬੰਧਿਤ ਭਾਜਪਾ ਆਗੂ ਹੁਣ ਆਪਣੀ ਸਥਿਤੀ ਸਪਸ਼ਟ ਕਰਨ ਕਿ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਉਹਨਾਂ ਦਾ ਕੀ ਸਟੈਂਡ ਹੈ? ਰਮਨ ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਵੱਡੀ ਧੱਕੇਸ਼ਾਹੀ ਕੀਤੀ ਹੈ। ਪਰ ਪੰਜਾਬ ਸਰਕਾਰ ਕਦੇ ਵੀ ਚੁੱਪ ਨਹੀਂ ਬੈਠੇਗੀ ਅਤੇ ਨਾ ਹੀ ਆਮ ਆਦਮੀ ਪਾਰਟੀ ਇਸ ਨੂੰ ਬਰਦਾਸ਼ਤ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ  ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *