ਸੈਂਕੜੇ ਮਜ਼ਦੂਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਅਤੇ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ

ਬਠਿੰਡਾ-ਮਾਨਸਾ

ਤਪਾ ਮੰਡੀ, ਗੁਰਦਾਸਪੁਰ, 1 ਮਈ‌ ( ਸਰਬਜੀਤ ਸਿੰਘ)–ਅੱਜ ਇੱਥੇ ਪਰਜਾਪਤ ਧਰਮਸ਼ਾਲਾ ਵਿਖੇ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਇੱਕ ਦਰਜਨ ਪਿੰਡਾਂ ਵਿੱਚੋਂ ਵੱਡੇ ਪੱਧਰ ‘ਤੇ ਮਜ਼ਦੂਰਾਂ ਅਤੇ ਮਨਰੇਗਾ ਔਰਤਾਂ ਨੇ ਭਾਗ ਲਿਆ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਗਿਆ। ਕਨਵੈਨਸ਼ਨ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਸ਼ੁਰੂ ਕੀਤੀ ਗਈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੁਣਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 140 ਸਾਲ ਪਹਿਲਾਂ ਸ਼ਿਕਾਗੋ ਦੇ ਸੰਘਰਸ਼ੀ ਮਜ਼ਦੂਰਾਂ ਨੇ ਅੱਠ ਘੰਟੇ ਦਿਹਾੜੀ ਦਾ ਨਿਯਮ ਬਣਾਉਣ ਲਈ ਸੋਲ਼ਾਂ ਸ਼ਾਲ ਲੰਬੀ ਲੜਾਈ ਲੜਕੇ ਸਫ਼ਲਤਾ ਪ੍ਰਾਪਤ ਕੀਤੀ ਸੀ। ਇਸ ਲੜਾਈ ਵਿੱਚ ਅਨੇਕਾਂ ਮਜ਼ਦੂਰ, ਔਰਤਾਂ ਅਤੇ ਬੱਚੇ ਸ਼ਹੀਦ ਹੋ ਗਏ ਸਨ। ਅੱਠ ਘੰਟੇ ਦੀ ਲੜਾਈ ਲੜਨ ਵਾਲੇ ਅੱਧੀ ਦਰਜਨ ਮਜ਼ਦੂਰ ਆਗੂਆਂ ਨੂੰ ਅਮਰੀਕੀ ਸਰਕਾਰ ਨੇ ਫ਼ਾਂਸੀ ਦੇ ਦਿੱਤੀ ਸੀ।ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਦੇ ਮਜ਼ਦੂਰਾਂ ਦੇ ਤਿੱਖੇ ਸੰਘਰਸ਼ਾਂ ਸਦਕਾ , ਜੋ 44 ਕਿਰਤ ਕਾਨੂੰਨ ਬਣਾਏ ਸਨ, ਮੋਦੀ ਸਰਕਾਰ ਨੇ ਸਾਰੇ ਕਿਰਤ ਕਾਨੂੰਨ ਖ਼ਤਮ ਕਰਕੇ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਹੈ। ਅੱਜ ਨਵਉਦਾਰਵਾਦ ਨੀਤੀਆਂ ਦੇ ਅਧੀਨ ਦੁਨੀਆਂ ਦੀ ਮਿਹਨਤਕਸ਼ ਆਬਾਦੀ ਅਤੇ ਸ਼ੋਸ਼ਤ ਪੀੜਤ ਜਨਤਾ ਇਤਿਹਾਸ ਦੇ ਸਭ ਤੋਂ ਵੱਧ ਹਨੇਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਵਿਸ਼ਵ ਸਾਮਰਾਜਵਾਦੀ ਵਿਵਸਥਾ ਤਿੱਖੇ ਸੰਕਟ ਦਾ ਸਾਰਾ ਬੋਝ ਮਜ਼ਦੂਰ ਜਮਾਤ ਅਤੇ ਸਮੁੱਚੀ ਮਿਹਨਤਕਸ਼ ਜਨਤਾ ਦੇ ਮੋਢਿਆਂ ‘ਤੇ ਲੱਦਿਆ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਅੱਜ ਦੇਸ਼ ਅੰਦਰ ਭਾਜਪਾ/ਆਰ ਐਸ ਐਸ ਵੱਲੋਂ ਆਪਣੀਆਂ ਫਾਸ਼ੀਵਾਦੀ ਨੀਤੀਆਂ ਦੇ ਸਦਕਾ ਧਾਰਮਿਕ ਨਫ਼ਰਤ ਫਲਾਈ ਜਾ ਰਹੀ ਹੈ ਅਤੇ ਮੁਸਲਿਮ ਫੋਬੀਆ ਪੈਦਾ ਕਰਕੇ ਲਗਾਤਾਰ ਮਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਭਰਾ ਮਾਰੂ ਜੰਗ ਵਿੱਚ ਝੋਕਿਆ ਜਾ ਰਿਹਾ ਹੈ। ਕਨਵੈਨਸ਼ਨ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਜ਼ਿਲ੍ਹਾ ਬਰਨਾਲਾ ਦੀ ਪ੍ਰਧਾਨ ਜਸਵਿੰਦਰ ਕੌਰ ਰੂੜੇਕੇ ਕਲਾਂ,ਡੈਮੋਕ੍ਰੇਟਿਕ ਇੰਪਲਾਈਜ ਫੈਡਰੇਸ਼ਨ ਦੇ ਆਗੂ ਗੁਰਮੀਤ ਸੁਖਪੁਰਾ, ਮਾਸਟਰ ਲਛਮਣ ਸਿੰਘ ਸਹੋਤਾ , ਹਰਭਗਵਾਨ ਭੀਖੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਅੰਤਰਜਾਮੀ ਸਿੰਘ ਨੇ ਨਿਭਾਈ। ਕਨਵੈਨਸ਼ਨ ਕਰਨ ਤੋਂ ਬਾਅਦ ਸੈਂਕੜੇ ਮਜ਼ਦੂਰਾਂ ਨੇ ਪੂਰੇ ਜੋਸ਼ ਖਰੋਸ਼ ਨਾਲ ਨਾਹਰੇ ਮਾਰਦੇ ਹੋਏ ਪੁਰਾਣੇ ਬੱਸ ਅੱਡੇ ਤੱਕ ਮੁਜ਼ਾਹਰਾ ਕੀਤਾ। ਜਿਸਨੂੰ ਅਜਾਇਬ ਸਿੰਘ ਖੋਖਰ ਨੇ ਸੰਬੋਧਨ ਕਰਦਿਆਂ ਸਾਰੇ ਮਜ਼ਦੂਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *