ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰਨ ਲਈ 14 ਸਤੰਬਰ ਨੂੰ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਮੁੜ ਮੀਟਿੰਗ ਹੋਵੇਗੀ – ਕਾਮਰੇਡ ਰਾਣਾ
ਮਾਨਸਾ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)– ਇਥੇ ਜ਼ਿਲਾ ਸਕੱਤਰੇਤ ਵਿਖੇ 15 ਜੁਲਾਈ ਤੋਂ ਚੱਲ ਰਹੇ ਦਿਨ ਰਾਤ ਦੇ ਨਸ਼ਾ ਵਿਰੋਧੀ ਧਰਨੇ ਨੂੰ ਸੰਬੋਧਨ ਕਰਦਿਆਂ ਅੱਜ ਪਰਵਿੰਦਰ ਸਿੰਘ ਝੋਟੇ ਨੇ ਅਪਣੀ ਬਿਨਾਂ ਸ਼ਰਤ ਰਿਹਾਈ ਨੂੰ ਜਨਤਾ ਦੇ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਉਨਾਂ ਸਾਰੀਆਂ ਕਿਸਾਨ, ਮਜ਼ਦੂਰ ਤੇ ਨੌਜਵਾਨ ਜਥੇਬੰਦੀਆਂ, ਸਿਆਸੀ, ਸਮਾਜਿਕ ਤੇ ਧਾਰਮਿਕ ਸੰਗਠਨਾਂ ਅਤੇ ਵਿਅਕਤੀਆਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਮਾਰੂ ਨਸ਼ਿਆਂ ਦੇ ਖਾਤਮੇ ਅਤੇ ਝੂਠੇ ਪੁਲਸ ਕੇਸ ‘ਚੋਂ ਉਸ ਦੀ ਰਿਹਾਈ ਦੇ ਇਸ ਅੰਦੋਲਨ ਨੂੰ ਲਗਾਤਾਰ ਅੱਗੇ ਵਧਾਉਣ ਵਿਚ ਅਪਣੇ ਭਰਪੂਰ ਹਿੱਸਾ ਪਾਇਆ। ਉਸ ਨੇ ਢਿੱਲਵਾਂ ਖੁਰਦ ਤੇ ਸਧਾਣਾ ਦੇ ਉਨਾਂ ਦੋ ਨੌਜਵਾਨਾਂ ਨੂੰ ਨਸ਼ਾ ਵਿਰੋਧੀ ਅੰਦੋਲਨ ਦੇ ਸ਼ਹੀਦ ਕਰਾਰ ਦਿੰਦਿਆਂ ਸ਼ਰਧਾਂਜਲੀ ਅਰਪਿਤ ਕੀਤੀ ਜਿੰਨਾਂ ਨੂੰ ਨਸ਼ਾ ਤਸਕਰਾਂ ਨੇ ਇਸ ਸੰਘਰਸ਼ ਨੂੰ ਫੇਲ ਕਰਨ ਲਈ ਸਰਕਾਰ ਤੇ ਪੁਲਸ ਦੇ ਇਸ਼ਾਰੇ ‘ਤੇ ਗਿਣ ਮਿਥ ਕੇ ਕਤਲ ਕਰ ਦਿੱਤਾ ।
ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਬੇਸ਼ਕ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਨਾਲ ਕਮੇਟੀ ਦੀ ਇਕ ਮੰਗ ਪੂਰੀ ਹੋ ਗਈ ਹੈ, ਪਰ ਬਾਕੀ ਮੰਗਾਂ ਅਤੇ ਮਾਰੂ ਨਸ਼ਿਆਂ ਨੂੰ ਠੱਲ ਪਾਉਣ ਦੀ ਚੁਣੌਤੀ ਅਜੇ ਉਸੇ ਤਰ੍ਹਾਂ ਮੌਜੂਦ ਹੈ। ਇਸ ਲਈ ਅੰਦੋਲਨ ਦੀ ਅਗਲੀ ਰਣਨੀਤੀ ਤਹਿ ਕਰਨ ਲਈ 14 ਸਤੰਬਰ ਨੂੰ 11 ਵਜੇ ਬਾਬਾ ਬੂਝਾ ਸਿੰਘ ਭਵਨ ਵਿਖੇ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ। ਅੱਜ ਧਰਨੇ ਨੂੰ ਭਾਈ ਗੁਰਸੇਵਕ ਸਿੰਘ ਜਵਾਹਰਕੇ, ਸੁਖਦਰਸ਼ਨ ਸਿੰਘ ਨੱਤ, ਜਸਵੰਤ ਸਿੰਘ ਜਵਾਹਰਕੇ, ਮੱਖਣ ਸਿੰਘ ਉੱਡਤ, ਉੱਗਰ ਸਿੰਘ ਮਾਨਸਾ, ਜਗਦੇਵ ਸਿੰਘ ਭੁਪਾਲ, ਨਛੱਤਰ ਸਿੰਘ ਖੀਵਾ, ਕੁਲਵਿੰਦਰ ਕਾਲੀ, ਸੰਗਤ ਸਿੰਘ ਮੋਗੜੀ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੀ ਬਣੀ ਐਂਟੀ ਡਰੱਗ ਬਾਰੇ ਨਵੀਂ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ
ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਬੀਤੀ ਰਾਤ ਦੋ ਮਹੀਨੇ ਬਾਦ ਜੇਲ ਵਿਚੋਂ ਬਿਨਾਂ ਸ਼ਰਤ ਰਿਹਾਅ ਹੋਇਆ। ਅੱਜ ਸਵੇਰੇ ਸਵੇਰੇ ਸਾਡੀ ਮੁਲਾਕਾਤ ਹੋਈ। ਅਸੀਂ ਨਸ਼ਾ ਵਿਰੋਧੀ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਆਪਸ ਵਿਚ ਕੁਝ ਜ਼ਰੂਰੀ ਵਿਚਾਰਾਂ ਕੀਤੀਆਂ।