ਝੁਨੀਰ, ਗੁਰਦਾਸਪੁਰ,2 ਸਤੰਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਦੇ ਜਨਮਦਿਨ ਨੂੰ ਸਮਰਪਿਤ 1 ਸਤੰਬਰ ਤੋਂ 27 ਸਤੰਬਰ ਜਨ ਚੇਤਨਾ ਮੁਹਿੰਮ ਤਹਿਤ ਭੰਮੇ ਖੁਰਦ ਅਤੇ ਉਡਤ ਭਗਤ ਰਾਮ ਵਿੱਚ ਕਨਵੈਨਸ਼ਨਾ ਕੀਤੀਆਂ ਗਈਆਂ। ਕਨਵੈਨਸ਼ਨਾ ਦੀ ਪ੍ਰਧਾਨਗੀ ਹਰਮੇਸ਼ ਭੰਮੇ , ਬਿੰਦਰ ਕੌਰ ਉੱਡਤ ਅਤੇ ਦਰਸ਼ਨ ਦਾਨੇਵਾਲੀਆ ਨੇ ਕੀਤੀ। ਕਨਵੈਨਸ਼ਨਾ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ,ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਕਾਰੋਬਾਰ ਵਿਚ ਵਾਧਾ ਹੋ ਰਿਹਾ ਹੈ , ਚਰਮਸੀਮਾ ਤੇ ਪਹੁੰਚੀ ਬੇਰੁਜ਼ਗਾਰੀ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗ ਵਾਰ ਵੱਲ ਧੱਕ ਰਹੀ ਹੈ। ਮਾਨ ਸਰਕਾਰ ਵੱਲੋਂ ਔਰਤਾਂ ਨਾਲ ਕੀਤਾ ਇੱਕ ਹਜ਼ਾਰ ਰੁਪਏ ਦਾ ਵਾਇਦਾ ਪੂਰਾ ਨਹੀਂ ਹੋਇਆ। ਹਰ ਫਰੰਟ ਤੇ ਫੇਲ ਸਾਬਤ ਹੋਈ ਮਾਨ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੀ ਜਵਾਬ ਦੇਹੀ ਲਈ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਇਲਾਕੇ ਦੇ ਇਕੱਠ ਕੀਤੇ ਜਾਣਗੇ।13 ਸਤੰਬਰ ਨੂੰ ਸਰਦੂਲਗੜ੍ਹ ਵਿਖੇ ਇਲਾਕੇ ਦੀ ਕਾਨਫਰੰਸ ਕੀਤੀ ਜਾਵੇਗੀ ਅਤੇ ਐਮ ਐਲ ਏ ਤੋਂ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਿਆ ਜਾਵੇਗਾ ।ਕਨਵੈਨਸ਼ਨਾ ਵਿਚ ਕਿਰਤੀ ਜਨਤਾ ਨੂੰ ਸੁਚੇਤ ਕਰਦਿਆਂ ਕਾਮਰੇਡ ਬਲਵਿੰਦਰ ਘਰਾਂਗਣਾ ਨੇ ਕਿਹਾ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਫਿਰਕਿਆਂ ਅੰਦਰ ਨਫ਼ਰਤ ਫੈਲਾ ਰਹੀ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਨੂੰ ਇੱਕਠੇ ਹੋ ਕੇ ਕਿਸਾਨਾਂ ਲਈ ਐਮ ਐਸ ਪੀ ਅਤੇ ਮਜ਼ਦੂਰ ਲਈ ਘੱਟੋ ਘੱਟ ਉਜ਼ਰਤਾਂ ਵਿੱਚ ਵਾਧਾ ,ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਉਠਾਉਣਾ ਲਈ ਇੱਕਮੁੱਠ ਹੋਣਾ ਪਵੇਗਾ । ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ 13 ਸਤੰਬਰ ਦੀ ਕਾਨਫਰੰਸ ਵਿੱਚ ਪਹੁੰਚਣ ।