ਕਾਮਰੇਡ ਹਰ ਭਗਵਾਨ ਭੀਖੀ ਦੇ ਇਲਫਾਜ਼

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਮਿੰਦਰ ਟੌਹਰੂ
ਅੱਜ ਫਿਰ ਗਿਆ ਹੈ
ਭੱਠੇ ਦੀ ਪਥੇਰ ਵਿਚਾਲੇ ਛੱਡ
ਬੀਬੜੀਆਂ ਵਾਲੇ ਟੋਬੇ ਤੇ
ਮਿੱਟੀ ਕੱਢਣ ਤੇ ਸੁੱਖਣਾ ਸੁਖਣ
ਕਿ ਮਿੱਟੀ ਨਾਲ ਮਿੱਟੀ ਹੋਕੇ ਵੀ
ਕਿਉਂ ਨੇ ਉਸ ਦੇ ਸੁਪਨੇ ਮਿੱਟੀ

ਛੋਟੇ ਹੁੰਦਿਆਂ ਹੀ ਬਾਪੂ ਦੀ ਉਂਗਲ ਫੜ੍ਹ
ਆ ਜਾਂਦਾ ਸੀ ਗੋਲੇ ਦੇ ਭੱਠੇ ਦੀਆਂ ਪਥੇਰਾਂ ਚ
ਕੱਚੀਆਂ ਇੱਟਾਂ ਦੀਆਂ ਬੱਸਾਂ ਬਣਾ ਪੀਂ ਪੀਂ ਕਰਦਿਆਂ
ਉਸ ਨੂੰ ਪਤਾ ਹੀ ਨਾ ਲੱਗਿਆ
ਕਦ ਆ ਗਿਆ ਉਸ ਦੇ ਹੱਥਾਂ ਚ
ਇੱਟਾਂ ਪੱਥਣ ਵਾਲਾ ਸੈਂਚਾ ਤੇ ਕਹੀ ਦਾ ਬਾਹਾਂ

ਹੁਣ ਜਦ ਵੀ ਪਿੜਾਂ ਚ ਆਉਂਦਾ
ਟੱਬਰ ਨੂੰ ਵੀ ਨਾਲ ਲਿਆਉਂਦਾ
ਤੱਖੜ ਦੁਪਹਿਰ ਸਰਦ ਰਾਤਾਂ
ਪਿੰਡੇ ਤੋਂ ਦੀ ਲੰਘਾਉਂਦਾ
ਮਿੱਟੀ ਨਾਲ ਮਿੱਟੀ ਹੁੰਦਾ
ਪਰ ਓਹ ਕਦੇ ਪੂਰਾ ਨਾ ਹੁੰਦਾ
ਜੋ ਉਹ ਕਰਨਾ ਚਾਹੁੰਦਾ

ਨੇ ਹਾਲੇ ਕੁੱਝ ਸਾਲ ਹੀ ਲਾਏ ਸੀ
ਕਿ ਚਾਰ ਦਹਾਕਿਆਂ ਦੀ ਉਮਰੇ
ਉਹ ਬੁਂਢਾ ਜਾਪਣ ਲੱਗਿਆ
ਗੋਡੇ ਜਵਾਬ ਦੇ ਚੱਲੇ ਸੀ
ਪੀਸ ਰੇਟ ਨੇ
ਆਪਣੀ ਜਕੜ ਚ ਜੋ ਜਕੜ ਲਿਆ ਸੀ

ਜਦ ਵੀ ਘਾਣੀ ਪੁੱਟਦਾ
ਮਿੱਟੀ ਨੂੰ ਉੱਤੇ ਥੱਲੇ ਕਰਦਾ
ਸੋਚਦਾ ਇਸ ਮਿੱਟੀ ਹੇਠ ਹੀ ਨੇ
ਦੱਬੇ ਹੋਏ ਨੇ ਮੇਰੇ ਸੁਪਨੇ ਮੇਰੀ ਰੋਟੀ
ਕਈ ਵਾਰ ਓਹ ਸੋਚਦਾ
ਆਹ ਯੂਨੀਅਨ ਵਾਲੇ ਵੀ ਠੀਕ ਕਹਿੰਦੇ ਨੇ
ਡੇਰਿਆਂ ਟੋਬਿਆਂ ਤੇ ਨੱਕ ਰਗੜਣ
ਮਿੱਟੀਆਂ ਕੱਢਣ ਨਾਲ ਕੁਝ ਨੀ ਬਦਲਣਾ
ਜੇ ਬਦਲਣਾ ਹੁੰਦਾ ਬਦਲ ਜਾਂਦਾਂ
ਸਾਥੋਂ ਵੱਧ ਮਿੱਟੀ ਕਿਹਨੇ ਕੱਢੀ
ਤੇ ਨੱਕ ਰਗੜੇ ਨੇ?

ਨੂੰ ਗੱਲਾਂ ਤਾਂ ਵਧੀਆ ਲੱਗਦੀਆਂ
ਪਰ ਸੋਚਾਂ ਤੇ ਰੋਟੀ ਭਾਰੂ ਪੈ ਜਾਂਦੀ
ਜਵਾਨ ਧੀਆਂ ਦੀ ਫਿਕਰ ਧੁਰ ਅੰਦਰ ਤੱਕ ਲਹਿ ਜਾਂਦੀ
ਤੇ ਓਹ ਫਿਰ
ਸੈਂਚੇ ਨਾਲ ਸੈਂਚਾ ਖੜਕਾਉਣ ਲੱਗ ਪੈਂਦਾ

ਬਹੁਤ ਖੁਸ਼ ਹੁੰਦਾ
ਜਦ ਪੰਦਰੀ ਤੇ ਉਸ ਨੂੰ ਖਰਚਾ ਮਿਲਣਾ ਹੁੰਦਾ
ਸਵੇਰੇ ਹੀ ਨਹਾ ਧੋ ਬਾਕੀਆਂ ਨਾਲ
ਉਹ ਵੀ ਜਾ ਖੜ੍ਹਦਾ ਭੱਠੇ ਦੇ ਦਫਤਰ ਅੱਗੇ
ਪਰ ਏਹ ਖੁਸ਼ੀ ਕੱਝ ਘੰਟਿਆਂ ਦੀ ਹੁੰਦੀ
ਜਦ ਮਾਲਕ ਨਿਗੂਣੇ ਪੈਸੇ ਰੱਖਦਾ ਤਲੀ ਤੇ

ਕਿੰਨਾ ਹੀ ਉਦਾਸ ਹੁੰਦਾ
ਜਦ ਦਿਨ ਰਾਤ ਇੱਕ ਕਰਕੇ ਵੀ
ਪੂਰਾ ਮੁੱਲ ਨਾ ਮਿਲਿਆ
ਫਿਕਰੀਂ ਪੈ ਜਾਂਦਾ
ਚੁੱਲ੍ਹਾ ਚੱਲੂ ਜਾਂ ਘਰ ਵਾਲੀ ਦੀ ਦਵਾਈ
ਜਿਸ ਨੂੰ ਫੜ੍ਹਾਂ ਚ ਇੱਟਾਂ ਪੱਥਦਿਆਂ
ਟੋਇਆਂ ਦਾ ਪਾਣੀ ਪੀਂਦਿਆਂ
ਹੋ ਗਿਆ ਸੀ ਕਾਲਾ ਪੀਲੀਆ

ਮਿੰਦਰ ਟੌਹਰੂ
ਹੁਣ ਉਦਾਸ ਹੈ
ਕਿ ਨਾ ਬਦਲੀ ਉਸਦੀ ਜ਼ਿੰਦਗੀ
ਭੱਠੇ ਤੇ ਮਿੱਟੀ ਨਾਲ ਮਿੱਟੀ ਹੁੰਦਿਆਂ
ਨਾ ਬਦਲੀ ਬੀਬੜੀਆਂ ਵਾਲੇ ਟੋਬੇ ਤੇ
ਮਿੱਟੀ ਕੱਢਣ ਤੇ ਸੱਖਾਂ ਸੁੱਖਣ ਨਾਲ

ਸੋਚਦਾ ਹੈ ਓਹ
ਯੂਨੀਅਨ ਵਾਲੇ ਠੀਕ ਕਹਿੰਦੇ ਨੇ
ਕਿਸਮਤ ਬਦਲਦੀ ਨੀ ਬਦਲਣੀ ਪੈਂਦੀ ਹੈ
ਹੱਕ ਨੱਕ ਰਗੜਨ ਨਾਲ ਨੀ
ਨੱਕ ਰਗੜਾਉਣ ਨਾਲ ਮਿਲਦਾ ਹੈ

ਮਿੰਦਰ ਟੌਹਰੂ
ਆਪਣੀ ਹੋਣੀ ਬਦਲਣ ਲਈ
ਬਾਗੀ ਹੋ ਤੁਰਦਾ ਹੈ
ਏਸ ਤੋਂ ਪਹਿਲਾਂ
ਆਪਣੇ ਹੱਕ ਮੰਗਦਾ
ਪਥੇਰਿਆਂ ਦੀ ਲੁੱਟ ਖਿਲਾਫ਼ ਬੋਲਦਾ

Leave a Reply

Your email address will not be published. Required fields are marked *