ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਤੇਜਬੀਰ ਸਿੰਘ ਤੇ ਉਸਦੇ ਸਾਥੀ ਨੌਜਵਾਨ ਅੱਗੇ ਆਏ

ਪੰਜਾਬ

ਨੌਜਵਾਨਾਂ ਦੇ ਸਮੂਹ ਵੱਲੋਂ ਖੇਤਾਂ ਵਿੱਚੋਂ ਪਰਾਲੀ ਨੂੰ ਬੇਲਰ ਦੀ ਮਦਦ ਨਾਲ ਗੱਠਾਂ ਬਣਾ ਕੇ ਚੁੱਕਿਆ ਜਾਵੇਗਾ

ਕਿਸਾਨ ਆਪਣੇ ਖੇਤਾਂ ਦੀ ਪਰਾਲੀ ਚੁਕਾਉਣ ਲਈ ਤੇਜਬੀਰ ਸਿੰਘ ਦੇ ਨੰਬਰ 98552-22522 ’ਤੇ ਸੰਪਰਕ ਕਰਨ

ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਅਗਾਂਵਧੂ ਨੌਜਵਾਨਾਂ ਦੇ ਉਦਮ ਦੀ ਸਰਾਹਨਾ

ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ) – ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਮੁਹਿੰਮ ਵਿੱਚ ਹੁਣ ਧਾਰੀਵਾਲ ਦੇ ਅਗਾਂਵਧੂ ਨੌਜਵਾਨ ਤੇਜਬੀਰ ਸਿੰਘ ਅਤੇ ਉਸਦੇ 20 ਹੋਰ ਸਾਥੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਥ ਦੇਣ ਲਈ ਅੱਗੇ ਆਏ ਹਨ। ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਇੱਕ ਗਰੁੱਪ ਬਣਾਇਆ ਹੈ ਜਿਸ ਵੱਲੋਂ ਖੇਤਾਂ ਵਿੱਚੋਂ ਪਰਾਲੀ ਨੂੰ ਬੇਲਰ ਰਾਹੀਂ ਗੱਠਾਂ ਬਣਾਇਆ ਕੇ ਚੁੱਕਿਆ ਜਾਵੇਗਾ।

ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨਾਲ ਮੀਟਿੰਗ ਦੌਰਾਨ ਤੇਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਕੋਲ 20 ਬੇਲਰ ਹਨ ਜਿਸ ਨਾਲ ਉਹ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਨਗੇ। ਉਸਨੇ ਦੱਸਿਆ ਕਿ ਪਰਾਲੀ ਇਕੱਠੀ ਕਰਨ ਦਾ ਕਿਸਾਨਾਂ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ ਅਤੇ ਇਹ ਬਿਲਕੁਲ ਮੁਫ਼ਤ ਸੇਵਾ ਹੋਵੇਗੀ। ਤੇਜਬੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਖੇਤਾਂ ਵਿਚ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾ ਲੈਣਗੇ ਅਤੇ ਫਿਰ ਖੇਤਾਂ ਵਿਚੋਂ ਇਨ੍ਹਾਂ ਗੱਠਾਂ ਨੂੰ ਇਕੱਠਾ ਕਰਕੇ ਪਿੰਡ ਵਿੱਚ ਇੱਕ ਥਾਂ ’ਤੇ ਡੰਪ ਕਰ ਲੈਣਗੇ। ਇਸ ਤੋਂ ਬਾਅਦ ਸਾਰੀਆਂ ਗੱਠਾਂ ਦੀ ਅੱਗੇ ਸਪਲਾਈ ਫੈਕਟਰੀਆਂ ਵਿੱਚ ਬਾਇਓ-ਬਾਲਣ ਅਤੇ ਹੋਰ ਵਰਤੋਂ ਲਈ ਸਪਲਾਈ ਕਰਨਗੇ। ਤੇਜਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਨਗੇ ਅਤੇ ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚੋਂ ਪਰਾਲੀ ਨੂੰ ਚੁਕਾਉਣ ਲਈ ਉਨ੍ਹਾਂ ਦੇ ਨੰਬਰ 98552-22522 ’ਤੇ ਸੰਪਰਕ ਕਰ ਸਕਦਾ ਹੈ।  

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਤੇਜਬੀਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਇਸ ਪਹਿਲ ਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚੋਂ ਪਰਾਲੀ ਦੇ ਨਿਪਟਾਰੇ ਲਈ ਤੇਜਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸੰਪਰਕ ਕਰਨ। ਉਨ੍ਹਾਂ ਨਾਲ ਹੀ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਇਨ੍ਹਾਂ ਅਗਾਂਹਵਧੂ ਨੌਜਵਾਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਅਸੀਂ ਸਾਰੇ ਸਾਂਝੇ ਯਤਨਾਂ ਨਾਲ ਪਰਾਲੀ ਨੂੰ ਅੱਗ ਲੱਗਣ ਦੀ ਸਮੱਸਿਆ ਤੋਂ ਨਿਜਾਤ ਪਾ ਸਕੀਏ।

Leave a Reply

Your email address will not be published. Required fields are marked *