ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਭਾਰਤ ਦਿੱਲੀ (500 ਜਥੇਬੰਦੀਆਂ) ਦੇ ਸੱਦੇ ‘ਤੇ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ, ਮਗਨਰੇਗਾ ਅਧਿਕਾਰ ਅੰਦੋਲਨ ਤੇ ਜਬਰ ਵਿਰੋਧੀ ਤਾਲਮੇਲ ਕਮੇਟੀ ਵੱਲੋਂ ਅੱਜ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ (ਪੁਰਾਣਾ ਦਫ਼ਤਰ) ਦੇ ਸਾਹਮਣੇ ਵਿਸ਼ਾਲ ਤੇ ਰੋਹ ਭਰਪੂਰ ਜਨਤਕ ਧਰਨਾ ਲਗਾਇਆ ਗਿਆ। ਜਿਸ ਵਿਚ ਮਗਨਰੇਗਾ ਦੀਆ ਬੀਬੀਆਂ ਸਮੇਤ ਸੈਂਕੜੇ ਕਿਸਾਨ ,ਮਜ਼ਦੂਰ ਤੇ ਨੌਜਵਾਨਾਂ ਨੇ ਭਰਵੀਂ ਤੇ ਸੰਜੀਦਾ ਸ਼ਮੂਲੀਅਤ ਯਕੀਨੀ ਬਣਾਈ।
ਪਹਿਲ ਪ੍ਰਿਥਮੇ ਸਮੂਹ ਹਾਜ਼ਰੀ ਹਾਜ਼ਰੀਨਾਂ ਨੇ 2 ਮਿੰਟ ਖੜ੍ਹੇ ਹੋ ਕੇ ਤੇ ਮੋਨ ਧਾਰ ਕੇ ਲਖੀਮਪੁਰ ਖੀਰੀ (ਯੂ ਪੀ) ਦੇ 5 ਸਹੀਦਾਂ (4 ਕਿਸਾਨ ਤੇ 1 ਪੱਤਰਕਾਰ) ਨੂੰ ਨਿੱਘੀ ਤੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ।
ਭਾਰਤ ਪੱਧਰੀ ਰੋਸ ਧਰਨਿਆਂ ਦੀ ਲੜੀ ਦੀ ਕੜੀ ਵਜੋਂ ਅੱਜ ਦੇ ਮੁੱਲਾਂਪੁਰ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਨਾਮਵਰ ਆਗੂਆਂ – ਮਾਸਟਰ ਜਸਦੇਵ ਸਿੰਘ ਲਲਤੋਂ, ਕਾਮਰੇਡ ਤਰਸੇਮ ਜੋਧਾਂ, ਉਜਾਗਰ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿੱਸੋਵਾਲ, ਡਾ. ਗੁਰਮੇਲ ਸਿੰਘ ਕੁਲਾਰ ,ਚਰਨਜੀਤ ਸਿੰਘ ਹਿਮਾਯੂੰਪੁਰਾ, ਫ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਾਥੀ ਗੁਰਦੇਵ ਸਿੰਘ ਮੁਲਾਪੁਰ ,ਰਣਜੀਤ ਸਿੰਘ ਗੂਡੇ, ਬਲਦੇਵ ਸਿੰਘ ਪਮਾਲ,ਸਮਿੰਦਰ ਸਿੰਘ ਲਗੋਵਾਲ -ਨੇ 379 ਦਿਨ ਚੱਲੇ ਦਿੱਲੀ ਮੋਰਚੇ ਦੀਆਂ ਪ੍ਰਾਪਤੀਆਂ, ਜਿੱਤਾਂ ਤੇ ਸਾਬਕਾ ਬਾਰੇ’ ਲਖੀਮਪੁਰ ਖੀਰੀ ਦੇ ਕਤਲ ਕਾਂਡ ਬਾਰੇ, ਕਿਸਾਨ- ਮਜਦੂਰ ਗੱਠਜੋੜ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੀ ਏਕਤਾ ਦੀ ਲੋੜ ਬਾਰੇ, ਲੋਕ – ਜੀਵਨ ਦੇ ਹਰ ਖੇਤਰ ਵਿੱਚ ਦਿਨੋਂ ਦਿਨ ਵਧ ਰਹੀ ਕਾਰਪੋਰੇਟੀ ਲੁੱਟ ਬਾਰੇ , ਕੁਲ ਘੱਟਗਿਣਤੀਆਂ ਵਿਰੁੱਧ ਆਮ ਕਰਕੇ ਤੇ ਮੁਸਲਮਾਨ- ਵਰਗ ‘ਤੇ ਖਾਸ ਕਰਕੇ ਆਏ ਦਿਨ ਵਧ ਰਹੇ ਫਿਰਕੂ ਫਾਸ਼ੀ ਕੇਂਦਰੀ ਹਕੂਮਤੀ ਜਬਰ ਬਾਰੇ, ਮਗਨਰੇਗਾ ਮਜ਼ਦੂਰਾਂ ਦੇ ਭੱਖਦੇ ਮੁੱਦਿਆਂ ਬਾਰੇ ,ਮੱਝਾਂ- ਬੱਕਰੀਆਂ- ਭੇਡਾਂ ਦੀ ਮਾਫ਼ੀਆ ਡਕੈਤੀ ਸਬੰਧੀ ਪੁੁਲਿਸ ਦੇ ਲੋਕਮਾਰੂ ਰੋਲ ਬਾਰੇ ਭਰਪੂਰ ਚਾਨਣਾ ਪਾਇਆ।
ਰੋਸ ਧਰਨੇ ਨੇ ਸਰਬਸੰਮਤੀ ਨਾਲ ਪਾਸ ਕੀਤੇ ਪਹਿਲੇ ਮਤੇ ਰਾਹੀਂ ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਸਾਜ਼ਿਸ਼ਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇੈਨੀ ਦੀ ਫ਼ੌਰੀ ਬਰਖਾਸਤਗੀ ਤੇ ਗ੍ਰਿਫ਼ਤਾਰੀ ਦੀ ਪੁਰਜ਼ੋਰ ਮੰਗ ਕੀਤੀ ਹੈ।ਦੂਜੇ ਮਤੇ ਰਾਹੀਂ ਲਖੀਮਪੁਰ ਖੀਰੀ ਦੇ 8 ਕਿਸਾਨ ਯੋਧਿਆਂ ਸਿਰ ਮੜ੍ਹੇ ਮਨਘਡ਼ਤ ਤੇ ਝੂਠੇ ਕੇਸ ਰੱਦ ਕਰਕੇ ਬਿਨਾਂ ਸ਼ਰਤ ਰਿਹਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਤੀਜੇ ਮਤੇ ਰਾਹੀਂ ਵਿਸ਼ਵਨਾਥਨ ਕਮਿਸ਼ਨ ‘ਤੇ ਆਧਾਰਿਤ 23 ਫ਼ਸਲਾਂ ਦੀ ਐੱਮਐੱਸਪੀ ਨਿਰਧਾਰਤ ਕਰਨ ਅਤੇ ਦਾਣਾ- ਦਾਣਾ ਖਰੀਦਣ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦੀ ਆਵਾਜ਼ ਉੱਚੀ ਕੀਤੀ ਗਈ ਹੈ। ਚੌਥੇ ਮਤੇ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੂੰਗੀ ਵਾਲਾ ਇੱਕ ਹਜਾਰ ਰੁ. ਕੁਇੰਟਲ ਫ਼ੌਰੀ ਅਦਾ ਕਰਨ , ਆਲੂਆਂ ਦੀ ਪਿਛਲੀ ਫ਼ਸਲ ਤੇ ਝੋਨੇ ਅਤੇ ਨਰਮੇ ਦੀ ਮੌਜੂਦਾ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਫੌਰੀ ਦੇਣ ਦੀ ਮੰਗ ਕੀਤੀ ਗਈ।
ਪੰਜਵੇਂ ਮਤੇ ਰਾਹੀਂ ਜੋਧਾਂ ਇਲਾਕੇ ਦੇ ਮੱਝ ਡਕੈਤੀ ਮਾਫੀਆ ਬਾਰੇ ਸਬੰਧਤ ਪੁਲਸ ਦੀ ਨਿਖੇਧੀ ਕਰਦਿਆਂ ਮੁੱਲਾਂਪੁਰ ਡੀਐੱਸਪੀ ਪਾਸੋਂ ਮੱਝਾਂ ਦੀ ਜਲਦੀ ਬਰਾਮਦਗੀ ਯਕੀਨੀ ਬਣਾਉਣ ਲਈ ਚਿਤਾਵਨੀ ਦਿੱਤੀ ਗਈ ਹੈ।ਛੇਵੇਂ ਮਤੇ ਰਾਹੀਂ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਤੋਂ ਪੰਜਾਬ ਸਰਕਾਰ ਨੂੰ ਬਾਜ ਆਉਣ ਲਈ ਆਖਿਆ ਗਿਆ ਹੈ।
ਅੱਜ ਦੇ ਧਰਨੇ ‘ਚ ਹੋਰਨਾਂ ਤੋਂ ਇਲਾਵਾ ਨੰਬਰਦਾਰ ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਸਵੱਦੀ, ਜਥੇਦਾਰ ਗੁਰਮੇਲ ਸਿੰਘ ਢੱਟ, ਡਾ. ਪਰਮਿੰਦਰ ਸਿੰਘ ਪੰਡੋਰੀ, ਗੁਲਵੰਤ ਸਿੰਘ ਸੋਹੀਆ ਤੇਜਿਦਰ ਸਿੰਘ ਬਿਰਕ, ਅਮਰ ਸਿੰਘ ਖੱਜਰਵਾਲ,ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ,ਅਮਰਜੀਤ ਸਿੰਘ ਹਿਮਾਯੂਪੁਰਾ ,ਮੋਹਣ ਸਿੰਘ ਮੁਲਾਪੂਰ,ਪੰਮਾ ਜਸੋਵਾਲ ਅਦਿ ਹਾਜਰ ਸਨ।


