ਲੋਕਾਈ ਕਲਾ ਕੇਂਦਰ ਵੱਲੋਂ ਰਜਿੰਦਰ ਭੋਗਲ ਅਤੇ ਪ੍ਰੋ. ਯੋਗੀ ਦੀ ਯਾਦ ਵਿੱਚ ਸਮਾਗਮ

ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਗੁਰਦਾਸਪੁਰ 3 ਅਕਤੂਬਰ ( ਸਰਬਜੀਤ ਸਿੰਘ) – ਲੋਕਾਈ ਕਲਾ ਕੇਂਦਰ, ਗੁਰਦਾਸਪੁਰ ਵੱਲੋਂ ਪ੍ਰਸਿੱਧ ਰੰਗਕਰਮੀ ਅਤੇ ਸਾਹਿਤਕਾਰ ਸਵਰਗੀ ਰਜਿੰਦਰ ਭੋਗਲ ਦੇ ਜਨਮ ਦਿਹਾੜੇ ਅਤੇ ਪ੍ਰੋ ਕਿਰਪਾਲ ਸਿੰਘ ਯੋਗੀ ਦੀ ਯਾਦ ਵਿੱਚ ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਵਰਗੀ ਰਜਿੰਦਰ ਭੋਗਲ ਦੇ ਬੇਟੀ ਡਾ. ਅਮਨਦੀਪ ਭੋਗਲ ਅਤੇ ਪਤਨੀ ਅਮਰਜੀਤ ਭੋਗਲ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦ ਕਿ ਪ੍ਰਸਿੱਧ ਕਲਾਕਾਰ ਅਤੇ ਸਾਹਿਤਕਾਰ ਬੀਬਾ ਬਲਵੰਤ ਅਤੇ ਜ਼ਿਲ੍ਹਾ ਭਾਸ਼ਾ ਅਫਸਰ, ਪਠਾਨਕੋਟ ਡਾ. ਸੁਰੇਸ਼ ਮਹਿਤਾ, ਸਤਦੇਵ ਸੈਣੀ, ਤਰਲੋਚਨ ਸਿੰਘ, ਗੁਰਚਰਨ ਗਾਂਧੀ ਅਤੇ ਬਾਂਕਾ ਬਹਾਦੁਰ ਅਰੋੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਆਪਣੇ ਸੰਬੋਧਨ ਵਿੱਚ ਉਪਰੋਕਤ ਹਸਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਯੋਗੀ ਅਤੇ ਰਜਿੰਦਰ ਭੋਗਲ, ਗੁਰਦਾਸਪੁਰ ਦਾ ਮਾਣ ਸਨ। ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਨੈਤਿਕ ਕਦਰਾਂ ਕੀਮਤਾਂ ਦੀਆਂ ਪਹਿਰੇਦਾਰ ਸਨ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕਲਾਕਾਰ ਅਤੇ ਸਾਹਿਤਕਾਰ ਸਮਾਜ ਨੂੰ ਸਕਾਰਾਤਮਕ ਦਿਸ਼ਾ ਦੇਣ ਦੇ ਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਹਮੇਸ਼ਾ ਸਾਂਝੀਵਾਲਤਾ ਅਤੇ ਜਾਤਪਾਤ ਤੋਂ ਉੱਪਰ ਉਠ ਕੇ ਮਨੁਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੈ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਜਿਹਾ ਉਪਰਾਲੇ ਨਹੀਂ ਕੀਤੇ ਗਏ ਜਿਨ੍ਹਾਂ ਨਾਲ ਇੱਕ ਇਮਾਨਦਾਰ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਹੋ ਸਕਦੀ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਇਲਾਕੇ ਦੀਆਂ ਹੋਰਨਾ ਸਮਸਿਆਵਾਂ ਤੋਂ ਇਲਾਵਾ ਕਲਾਕਾਰਾਂ ਅਤੇ ਸਾਹਿਤਾਕਾਰਾਂ ਦੀਆਂ ਵਾਜਬ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਬੀਬਾ ਬਲਵੰਤ ਨੇ ਆਪਣੇ ਸੰਬੋਧਨ ਵਿੱਚ ਰਜਿੰਦਰ ਭੋਗਲ ਅਤੇ ਪ੍ਰੋ ਕਿਰਪਾਲ ਸਿੰਘ ਯੋਗੀ ਨਾਲ ਬਿਤਾਏ ਪਲ ਸਾਂਝੇ ਕੀਤੇ। ਰਾਜੇਸ਼ ਕੁਮਾਰ ਨੇ ਰਜਿੰਦਰ ਭੋਗਲ ਦੇ ਜੀਵਨ ਬਾਰੇ ਪਰਚਾ ਪੜ੍ਹਿਆ ।

ਇਸ ਮੌਕੇ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ, ਘੁਮਾਣ ਦੇ ਸੰਸਥਾਪਕ ਪ੍ਰਿਤਪਾਲ ਸਿੰਘ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਬੀਬਾ ਬਲਵੰਤ ਦੀਆਂ ਬੀਤੇ 50 ਸਾਲਾਂ ਦੀਆਂ ਰਚਨਾਵਾਂ ਨੂੰ ਪਾਕਿਸਤਾਨ ਵਿੱਚ ਉਰਦੂ ਲਿਪੀ ਵਿੱਚ ਸੰਕਲਿਤ ਕੀਤੀ ਗਈ ਪੁਸਤਕ ਸਹਿਜ ਸੁਖਨ ਦਾ ਵਿਮੋਚਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਨ ਸਿੰਘ, ਕੇ.ਪੀ ਸਿੰਘ, ਹਿਤੇਸ਼ ਸ਼ਾਸਤਰੀ, ਵਿਜੇ ਬੱਧਣ, ਰਘੂ ਨਾਥ ਅਤੇ ਹੋਰ ਸਾਹਿਕਾਰ ਵੀ ਮੌਜੂਦ ਸਨ।    

Leave a Reply

Your email address will not be published. Required fields are marked *