ਐੱਸ.ਐੱਸ.ਪੀ. ਅਦਿੱਤਿਆ, ਆਈ.ਪੀ.ਐੱਸ. ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਨੇ ਪਿੰਡ ਪਨਿਆੜ, ਗਾਂਧੀਆਂ, ਜੌੜਾ ਛੱਤਰਾਂ, ਆਈ.ਟੀ.ਆਈ. ਕਲੋਨੀ ਕਲਾਨੌਰ ਅਤੇ ਮਾਡਲ ਟਾਊਨ ਧਾਰੀਵਾਲ ਵਿਖੇ ਸ਼ੱਕੀ ਘਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ
ਤਲਾਸ਼ੀ ਮੁਹਿੰਮ ਦੌਰਾਨ 40 ਗਰਾਮ ਹੈਰੋਇਨ, 120 ਨਸ਼ੀਲੀਆਂ ਗੋਲੀਆਂ, 10,000 ਰੁਪਏ ਡਰੱਗ ਮਨੀ ਅਤੇ 6750 ਐੱਮ.ਐੱਲ. ਨਜਾਇਜ਼ ਸ਼ਰਾਬ ਬਰਾਮਦ
ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਦੇ ਤਹਿਤ ਡੀਜੀਪੀ ਗੌਰਵ ਯਾਦਵ, ਆਈ.ਪੀ.ਐੱਸ., ਤੇ ਨਿਰਦੇਸ਼ਾਂ ਅਨੁਸਾਰ ਪੁਲਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਅੱਜ ਕਾਸੋ ਓਪਰੇਸ਼ਨ ਤਹਿਤ ਪਿੰਡ ਪਨਿਆੜ, ਗਾਂਧੀਆਂ, ਜੌੜਾ ਛੱਤਰਾਂ, ਆਈ.ਟੀ.ਆਈ. ਕਲੋਨੀ ਕਲਾਨੌਰ ਅਤੇ ਮਾਡਲ ਟਾਊਨ ਧਾਰੀਵਾਲ ਵਿਖੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਸ ਵਿਸ਼ੇਸ਼ ਓਪਰੇਸ਼ਨ ਦੀ ਅਗਵਾਈ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ, ਆਈ.ਪੀ.ਐੱਸ. ਵੱਲੋਂ ਕੀਤੀ ਗਈ ਜਦਕਿ ਇਸ ਓਪਰੇਸ਼ਨ ਵਿੱਚ ਸ. ਬਲਵਿੰਦਰ ਸਿੰਘ ਰੰਧਾਵਾ ਕਪਤਾਨ ਪੁਲਸ (ਇਨਵੈਸਟੀਗੇਸ਼ਨ), 10 ਜੀ.ਓ., 11 ਮੁੱਖ ਥਾਣਾ ਅਫ਼ਸਰ ਅਤੇ 380 ਈ.ਪੀ.ਓ. ਸਮੇਤ ਕੁੱਲ 402 ਪੁਲਸ ਕਰਮਚਾਰੀ ਸ਼ਾਮਿਲ ਸਨ।
ਇਸ ਤਲਾਸ਼ੀ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ, ਆਈ.ਪੀ.ਐੱਸ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਪਨਿਆੜ, ਗਾਂਧੀਆਂ, ਜੌੜਾ ਛੱਤਰਾਂ, ਆਈ.ਟੀ.ਆਈ. ਕਲੋਨੀ ਕਲਾਨੌਰ ਅਤੇ ਮਾਡਲ ਟਾਊਨ ਧਾਰੀਵਾਲ ਵਿਖੇ ਸ਼ੱਕੀ ਘਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਸ ਪਾਰਟੀਆਂ ਨੂੰ 40 ਗਰਾਮ ਹੈਰੋਇਨ, 120 ਨਸ਼ੀਲੀਆਂ ਗੋਲੀਆਂ, 10,000 ਰੁਪਏ ਡਰੱਗ ਮਨੀ ਅਤੇ 6750 ਐੱਮ.ਐੱਲ. ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਓਪਰੇਸ਼ਨ ਤਹਿਤ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ 6 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਪੈਸ਼ਲ ਓਪਰੇਸ਼ਨ ਤਹਿਤ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਵਿਅਕਤੀਆਂ ਦੇ ਟਰੈਫ਼ਿਕ ਚਲਾਨ ਵੀ ਕੱਟੇ ਗਏ।
ਐੱਸ.ਐੱਸ.ਪੀ. ਅਦਿੱਤਿਆ, ਆਈ.ਪੀ.ਐੱਸ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਇੱਕ ਫ਼ੈਸਲਾਕੁਨ ਲੜਾਈ ਵਿੱਢੀ ਗਈ ਹੈ ਅਤੇ ਪੰਜਾਬ ਪੁਲਸ ਇਹ ਯਕੀਨੀ ਬਣਾਏਗੀ ਕਿ ਨਸ਼ੇ ਦੀ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਪੁਲਸ ਵੱਲੋਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਵਿਸ਼ੇਸ਼ ਓਪਰੇਸ਼ਨ ਤਹਿਤ ਪਿੰਡ ਪਨਿਆੜ ਪਹੁੰਚੇ ਐੱਸ.ਐੱਸ.ਪੀ.ਅਦਿੱਤਿਆ ਨੇ ਪਿੰਡ ਵਿੱਚ ਵਾਲੀਬਾਲ ਖੇਡ ਰਹੇ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਏਵੇਂ ਹੀ ਨਸ਼ਿਆਂ ਤੋਂ ਬਚ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।