ਗੁਰਦਾਸਪੁਰ, 23 ਸਤੰਬਰ ( ਸਰਬਜੀਤ ਸਿੰਘ) – ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਲਜਾਂ ਨਾਲ ਸਬੰਧਿਤ ਰੈਡ ਰਿਬਨ ਕਲੱਬਾਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ ਦੀ ਅਗਵਾਈ ਹੇਠ ਸਥਾਨਕ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ, ਦੀਨਾਨਗਰ ਵਿੱਚ ਕਰਵਾਇਆ ਗਿਆ।
ਇਸ ਕੁਇਜ਼ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ੇ ਦੀ ਲਾਹਨਤ, ਐਚ.ਆਈ.ਵੀ ਏਡਜ਼ ਅਤੇ ਖੂਨਦਾਨ ਪ੍ਰਤੀ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰਆਤ ਕਾਲਜ ਦੀ ਪ੍ਰਿੰਸੀਪਲ ਡਾਂ ਰੀਨਾ ਤਲਵਾਰ ਵੱਲੋ ਸੁਆਗਤੀ ਭਾਸ਼ਣ ਨਾਲ ਕੀਤੀ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਸ੍ਰੀ ਦਲਵਿੰਦਰ ਦਿਆਲਪੁਰੀ (ਮੇਲਿਆਂ ਦੇ ਬਾਦਸ਼ਾਹ) ਅਤੇ ਸ੍ਰੀ ਹਨੀ ਜੱਖੂ (ਨੈਸ਼ਨਲ ਭਾਂਗੜਾ ਕੋਚ) ਨੇ ਕੀਤੀ ਅਤੇ ਵਿਦਿਆਰਥੀਆਂ ਨਾਲ ਨਸ਼ੇ ਦੇ ਵਧਦੇ ਮਾੜੇ ਪ੍ਰਭਾਵ ਬਾਰੇ ਆਪਣੇ ਵਿਚਾਰ ਸ਼ਾਂਝੇ ਕੀਤੇ।
ਇਸ ਉਪਰੰਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਨੇ ਵਿਦਿਆਰਥੀਆਂ ਨੂੰ ਨਸ਼ੇ ਤੋ ਦੂਰ ਰਹਿਣ ਅਤੇ ਵੱਧ ਤੋ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੁਇਜ਼ ਮੁਕਾਬਲੇ ਵਿੱਚ ਪਹਿਲੇ ਦਰਜੇ ਤੇ ਸਾਂਤੀ ਦੇਵੀ ਆਰਿਆ ਮਹਿਲਾ ਕਾਲਜ, ਦੀਨਾਨਗਰ, ਦੂਜੇ ਸਥਾਨ ਤੇ ਆਈ.ਟੀ.ਆਈ ਗੁਰਦਾਸਪੁਰ ਅਤੇ ਤੀਜੇ ਸਥਾਨ ਤੇ ਸਰਕਾਰੀ ਕਾਲਜ, ਗੁਰਦਾਸਪੁਰ ਆਈਆਂ। ਜੇਤੂ ਟੀਮਾਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਲਈ ਕ੍ਰਮਵਾਰ 4000 ਰੁਪਏ, 3000 ਰੁਪਏ ਅਤੇ 2000 ਰੁਪਏ ਦਾ ਪ੍ਰਾਇਜ ਵੀ ਦਿੱਤਾ ਗਿਆ। ਪ੍ਰੋਗਰਾਮ ਦੀ ਸਫਲਤਾ ਵਿੱਚ ਸ੍ਰੀਮਤੀ ਸੰਗੀਤਾ ਮਲਹੋਤਰਾ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਅਤੇ ਮੰਚ ਸੰਚਾਲਕ ਦੀ ਭੂਮਿਕਾ ਡਾ. ਕੁਲਵਿੰਦਰ ਕੌਰ ਚੀਮਾ ਵਲੋਂ ਨਿਭਾਈ ਗਈ।