ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹੋਰ ਖਾਦਾਂ ਸਬੰਧੀ ਜਾਣਕਾਰੀ ਦਿੱਤੀ
ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ )– ਜ਼ਿਲ੍ਹੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਬੀਜੀ ਜਾ ਰਹੀ ਹੈ ਅਤੇ ਅੱਜ ਪਿੰਡ ਡੱਲਾ ਸਮੇਤ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਵਲੋਂ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ।ਇਸ ਮੌਕੇ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਪਿਛਲੇ ਕਰੀਬ ਦੋ ਮਹੀਨੇ ਤੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ ਹੈ। ਕਿਸਾਨਾਂ ਨੂੰ ਇੰਨ ਸੀਟੂ ਤਰੀਕੇ ਨਾਲ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿੱਚ ਵਹਾ ਕੇ ਕਣਕ ਬੀਜਣ ਜਾਂ ਐਕਸ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ (ਗੱਠਾਂ ਬਣਾਉਣ) ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨੀ ਦੀ ਅਪੀਲ ਕੀਤੀ ਗਈ ਸੀ ਅਤੇ ਜਿਲ੍ਹੇ ਵਿੱਚ ਕਿਸਾਨਾਂ ਵਲੋਂ ਇੰਨ ਸੀਟੂ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ। ਇਸ ਮੌਕੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਫਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਟੈੱਸਟ ਦੇ ਅਧਾਰ ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹੋਰ ਖਾਦਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ।