ਮਾਨਸਾ, ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)— ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਜ਼ਿਲਾ ਮਾਨਸਾ ਦੀ ਸਰਕਾਰੀ ਲਾਇਬ੍ਰੇਰੀ ਨੂੰ ਬਚਾਉਣ ਦੇ ਲਈ ਅਤੇ ਪਾਠਕਾਂ ਦੀ ਲੁੱਟ ਦੇ ਖਿਲਾਫ਼ ਸੰਘਰਸ਼ ਦੀ ਲਾਮਬੰਦੀ ਲਈ ਜ਼ਿਲਾ ਕਮੇਟੀ ਅਤੇ ਸਰਗਰਮ ਸਾਥੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ,ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜੈਬ ਸਿੰਘ ਗੁਰੂ,ਇਨਕਲਾਬੀ ਨੌਜਵਾਨ ਸਭਾ ਵੱਲੋਂ ਗਗਨਦੀਪ ਸਿੰਘ ਸਿਰਸੀਵਾਲਾ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਕਨਵੀਨਰ ਸੁਰਿੰਦਰ ਸਿੰਘ ਮਾਨਸਾ ਨੇ ਕਿਹਾ ਕਿ ਪਾਠਕਾਂ ਨੂੰ ਫਰਵਰੀ ਮਹੀਨੇ ਵਿੱਚ ਅੰਬੇਦਕਰ ਭਵਨ ਮਾਨਸਾ ਵਿੱਚ ਬਣੀ ਜ਼ਿਲਾ ਲਾਇਬ੍ਰੇਰੀ ਦੀ ਮੁਰੰਮਤ ਕਰਵਾਉਣ ਦਾ ਬਹਾਨਾ ਬਣਾ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਬਾਹਰ ਕਰਨ ਤੋਂ ਬਾਅਦ ਬੱਚਤ ਭਵਨ ਮਾਨਸਾ ਨੂੰ ਲਾਇਬ੍ਰੇਰੀ ਵਜੋਂ ਮੁੱਹਈਆ ਕਰਵਾ ਦਿੱਤਾ ਗਿਆ ਸੀ,ਪਰ ਹੁਣ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਲਈ ਪਹਿਲਾਂ ਵਾਲੀ ਇਮਾਰਤ ਰੈੱਡ ਕਰਾਸ ਨੂੰ ਮੁੱਹਈਆ ਕਰਵਾਉਣਾ ਕਹਿ ਕਿ ਸਰਕਾਰੀ ਲਾਇਬ੍ਰੇਰੀ ਲਈ ਮੁੱਹਈਆ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਲਾਇਬ੍ਰੇਰੀ ਦਾ ਨਾਮ ਬਦਲ ਕੇ ਜ਼ਿਲਾ ਯੂਥ ਲਾਇਬ੍ਰੇਰੀ ਰੱਖ ਦਿੱਤਾ ਗਿਆ ਹੈ ਅਤੇ ਪਾਠਕਾਂ ਤੋਂ 500/-ਰੁਪਏ ਪ੍ਰਤੀ ਮਹੀਨਾ ਫੀਸ ਵਸੂਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਪਹਿਲਾਂ ਪਾਠਕਾਂ ਤੋਂ ਸਿਰਫ 100 ਰੁਪਏ ਵਸੂਲ ਕਰਕੇ ਲਾਇਬ੍ਰੇਰੀ ਕਾਰਡ ਬਣਾਇਆ ਜਾਂਦਾ ਸੀ। ਆਗੂਆਂ ਨੇ ਕਿਹਾ ਕਿ ਲਾਇਬ੍ਰੇਰੀ ਨੂੰ ਬਚਾਉਣ ਲਈ ਲੰਘੇ 27 ਨਵੰਬਰ ਤੋਂ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਅਤੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲੋਂ ਤੋੜਨ ਦੀ ਨੀਤੀ ਸਪੱਸ਼ਟ ਉਜਾਗਰ ਹੋ ਰਹੀ ਹੈ ਅਤੇ ਲਾਇਬਰੇਰੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਪੱਬਾਂ ਭਾਰ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਮੂਹ ਪਾਠਕਾਂ ਤੱਕ ਪਹੁੰਚ ਕਰਕੇ 11 ਦਸੰਬਰ ਨੂੰ ਬਾਲ ਭਵਨ ਮਾਨਸਾ ਵਿੱਚ ਕੀਤੀ ਜਾ ਰਹੀ ਇਕੱਤਰਤਾ ਦੀ ਤਿਆਰੀ ਲਈ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ ਵਿੱਚ ਮੀਟਿੰਗਾਂ ਕਰਵਾਈਆਂ ਜਾਣਗੀਆਂ ਅਤੇ ਦਸਤਖ਼ਤ ਮੁਹਿੰਮ ਚਲਾਈ ਜਾਵੇਗੀ।ਇਸ ਮੌਕੇ ਆਇਸਾ ਦੀ ਜ਼ਿਲਾ ਕਮੇਟੀ ਵੱਲੋਂ ਗਗਨਦੀਪ ਕੌਰ ਮਾਨਸਾ,ਗਗਨਦੀਪ ਕੌਰ ਮੌਜੋ,ਹੁਸਨਪ੍ਰੀਤ ਕੌਰ ਮੌਜੋ,ਸੱਤਨਾਮ ਸਿੰਘ ਗੰਢੂ ਖੁਰਦ,ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਕੋ ਕਨਵੀਨਰ ਸਮਨਪ੍ਰੀਤ ਕੌਰ ਮਾਨਸਾ,ਸਕੱਤਰ ਮਨਵੀਰ ਸਿੰਘ,ਸਹਾਇਕ ਸਕੱਤਰ ਮਨਪ੍ਰੀਤ ਕੌਰ ਮਾਨਸਾ,ਖਜਾਨਚੀ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ,ਸਹਾਇਕ ਖ਼ਜ਼ਾਨਚੀ ਅੰਕਿਤਾ,ਹਰਦੀਪ ਸਿੰਘ, ਕੁਲਦੀਪ ਸਿੰਘ ਅਤੇ ਪ੍ਰੇਰਨਾ ਆਦਿ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਪਾਠਕਾਂ ਨੇ ਸੂਬੇ ਦੀਆਂ ਸਮੂਹ ਲਾਇਬ੍ਰੇਰੀਆਂ ਨਾਲ ਸਬੰਧਤ ਪਾਠਕਾਂ ਅਤੇ ਵਿਦਿਆਰਥੀਆਂ ਨੂੰ 11 ਦਸੰਬਰ ਨੂੰ ਵੱਧ ਤੋਂ ਵੱਧ ਬਾਲ ਭਵਨ ਮਾਨਸਾ ਪੁੱਜਣ ਦੀ ਅਪੀਲ ਵੀ ਕੀਤੀ।