ਮਾਨਸਾ, ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)- ਗਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪਹਿਲੀ ਜਥੇਬੰਦਕ ਕਨਵੈਨਸ਼ਨ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਵਿਖੇ ਸੰਪੰਨ ਹੋਈ।
ਇਸ ਮੌਕੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਨਵੈਨਸ਼ਨ ਦੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾਈ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਗ਼ਦਰ ਲਹਿਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬਰਤਾਨਵੀ ਸਾਮਰਾਜਵਾਦ ਖਿਲਾਫ ਭਾਰਤੀ ਲੋਕਾਂ ਦੀ ਮੁਕਤੀ ਲਈ ਜਦੋਜਹਿੱਦ ਕਰਦੇ ਹੋਏ ਜਿੱਥੇ ਫਾਂਸੀਆਂ ਦੇ ਰੱਸੇ ਚੁੰਮੇ, ਉੱਥੇ ਤਮਾਮ ਗ਼ਦਰੀ ਬਾਬਿਆਂ ਨੇ ਉਮਰ ਭਰ ਕਾਲੇ ਪਾਣੀਆਂ ਦੀ ਸਜ਼ਾ ਭੁਗਤਦੇ ਹੋਏ ਕੁੱਬ ਪਵਾ ਲਏ ਅਤੇ ਗ਼ਦਰੀ ਬਾਬੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਾਏ ਜਾਣ ਮਜ਼ਦੂਰਾਂ ਕਿਸਾਨਾਂ ਦੇ ਹੱਕੀ ਸੰਘਰਸ਼ਾਂ ਵਿੱਚ ਜੇਲ੍ਹ ਯਾਤਰਾਵਾਂ ਕਰਦੇ ਹੋਏ ਅੰਤਿਮ ਸਾਹਾਂ ਤੱਕ ਬੇਹਤਰੀਨ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰਦੇ ਰਹੇ। ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਅੱਜ ਵੀ ਸਾਨੂੰ ਗ਼ਦਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼ ਦੀ ਫਾਸ਼ੀਵਾਦੀ ਹਕੂਮਤ ਖਿਲਾਫ, ਵਿਦਿਆਰਥੀ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਏ ਜਾਣ, ਸੂਬਾ ਪੱਧਰੀ ਵਿਗਿਆਨਕ ਸਿੱਖਿਆ ਨੀਤੀ ਬਣਾਏ ਜਾਣ,ਵਿਦਿਅੱਕ ਸੰਸਥਾਵਾਂ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਸਾਰੀਆਂ ਉੱਚ ਵਿਦਿਅੱਕ ਸੰਸਥਾਵਾਂ ਵਿੱਚ ਵਿਦਿਆਰਥੀ ਚੋਣਾਂ ਕਰਵਾਏ ਜਾਣ, ਵਿੱਦਿਅਕ ਸੰਸਥਾਵਾਂ ਵਿੱਚ ਜੈਂਡਰ ਸੈਨਟਾਈਜੇਸ਼ਨ ਕਮੇਟੀ ਅਗੇਂਸਟ,ਸੈਕਸੂਅਲੀ ਹਰਾਸ਼ਮੈਂਟ ਦਾ ਗਠਨ ਕਰਵਾਏ ਜਾਣ,ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ਲਾਗੂ ਕਰਵਾਏ ਜਾਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਏ ਜਾਣ ਲਈ ਵਿਦਿਆਰਥਣਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦੇ ਹੋਏ ਸਥਾਨਕ ਕਾਲਜ ਕਮੇਟੀ ਦੀ ਚੋਣ ਕੀਤੀ ਗਈ।ਇਸ ਮੌਕੇ ਕਮੇਟੀ ਦੇ ਪ੍ਰਧਾਨ ਗਗਨਦੀਪ ਕੌਰ ਮਾਨਸਾ,ਮੀਤ ਪ੍ਰਧਾਨ ਅਮਨਦੀਪ ਕੌਰ ਉੱਡਤ ਭਗਤ ਰਾਮ,ਸਕੱਤਰ ਹਰਪ੍ਰੀਤ ਕੌਰ ਡੇਲੂਆਣਾ, ਸਹਾਇਕ ਸਕੱਤਰ ਗਗਨਦੀਪ ਮੌਜੋ, ਖ਼ਜ਼ਾਨਚੀ ਹੁਸਨਪ੍ਰੀਤ ਕੌਰ ਮੌਜੋ,ਸਹਾਇਕ ਖ਼ਜ਼ਾਨਚੀ ਹੁਸਨਦੀਪ ਕੌਰ ਨੰਗਲ ਕਲਾਂ, ਪ੍ਰੈੱਸ ਸਕੱਤਰ ਰੂਹ ਕੌਰ ਦੂਲੋਵਾਲ, ਸਹਾਇਕ ਪ੍ਰੈੱਸ ਸਕੱਤਰ ਸਾਵਣਦੀਪ ਕੌਰ ਦੂਲੋਵਾਲ,ਸੋਸ਼ਲ ਮੀਡੀਆ ਸਕੱਤਰ ਜੋਤੀ ਕੌਰ ਉੱਡਤ ਭਗਤ ਰਾਮ,ਸਹਾਇਕ ਸੋਸ਼ਲ ਮੀਡੀਆ ਸਕੱਤਰ ਜਸਪ੍ਰੀਤ ਕੌਰ ਨੰਗਲ ਕਲਾਂ ਅਤੇ ਮਨਦੀਪ ਕੌਰ ਨੰਗਲ ਕਲਾਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਆਇਸਾ ਦੇ ਜ਼ਿਲਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਮੰਡੇਰ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਕਰਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।