ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੇ ਵਿਧਾਇਕ ਸ਼ੈਰੀ ਕਲਸੀ ਨੇ ਕੀਤੀ ਸ਼ਮੂਲੀਅਤ
ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ) – ਗੰਨੇ ਦੀ ਫਸਲ ਦੇ ਵਿਕਾਸ ਲਈ ਅਤੇ ਗੰਨੇ ਦੀ ਅੱਸੂ ਦੀ ਬਿਜਾਈ ਨੂੰ ਲੈ ਕੇ ਸਹਿਕਾਰੀ ਖੰਡ ਮਿੱਲ ਪਨਿਆੜ ਗੁਰਦਾਸਪੁਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਸਹਾਇਕ ਗੰਨਾ ਵਿਕਾਸ ਅਫਸਰ ਗੁਰਦਾਸਪੁਰ ਦੇ ਸਹਿਯੋਗ ਨਾਲ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਮੌਕੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਨਾਲ ਸ਼੍ਰੀ ਅਮਨ ਸ਼ੇਰ ਸਿੰਘ ਕਲਸੀ ਐਮ.ਐਲ.ਏ. ਬਟਾਲਾ ਅਤੇ ਸ਼੍ਰੀ ਸਮਸ਼ੇਰ ਸਿੰਘ ਦੀਨਾਨਗਰ ਵਿਸੇਸ ਤੌਰ ’ਤੇ ਪਹੰੁਚੇ।
ਖੇਤੀਬਾੜੀ ਮੰਤਰੀ ਸ. ਧਾਲੀਵਾਲ ਨੇ ਹਾਜ਼ਰ ਕਿਸਾਨਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੜਾਈ ਸ਼ੀਜਨ 2021-22 ਦੀ ਗੰਨੇ ਦੀ ਬਣਦੀ ਸਾਰੀ ਪੇਮੈਂਟ ਜਿੰਮੀਦਾਰਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਵਿਸ਼ਵਾਸ ਦੁਵਾਇਆ ਕਿ ਆਉਣ ਵਾਲੇ ਸ਼ੀਜਨ ਵਿੱਚ ਜਿੰਮੀਦਾਰਾਂ ਨੂੰ ਗੰਨੇ ਦੀ ਪੇਮੈਂਟ 14 ਦਿਨਾਂ ਦੇ ਅੰਦਰ-ਅੰਦਰ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਇਲਾਕੇ ਦੇ ਜਿੰਮੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਫਸਲੀ ਵਿਭਿੰਨਤਾ ਲਿਆਉਣ ਲਈ ਵੱਧ ਤੋਂ ਵੱਧ ਗੰਨੇ ਦੀ ਬਿਜਾਈ।
ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਪਨਿਆੜ ਦੀ ਪਿੜਾਈ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕੀਤੀ ਜਾ ਰਹੀ ਹੈ ਜਿਸ ਦਾ ਕੰਮ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਚ 2023 ਤੱਕ ਮਿੱਲ ਦੀ ਕਪੈਸਟੀ ਵਧਾ ਕੇ ਟਰਾਇਲ ਕਰ ਲਿਆ ਜਾਵੇਗਾ ਅਤੇ ਇਸ ਉਪਰੰਤ ਇਲਾਕੇ ਦਾ ਸਾਰਾ ਗੰਨਾ ਮਿੱਲ ਇਸ ਵੱਲੋਂ ਪੀੜਿਆ ਜਾਵੇਗਾ ਅਤੇ ਕਿਸੇ ਵੀ ਗੰਨਾ ਕਾਸ਼ਤਕਾਰਾਂ ਨੂੰ ਪ੍ਰਾਈਵੇਟ ਮਿੱਲਾਂ ਨੂੰ ਗੰਨਾ ਸਪਲਾਈ ਕਰਨ ਦੀ ਜਰੂਰਤ ਨਹੀ ਪਵੇਗੀ।
ਇਸ ਮੌਕੇ ਸ. ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ ਓਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਹੁਤ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਸੁਪਰ ਸੀਡਰ ਦਿੱਤੇ ਗਏ ਹਨ ਅਤੇ ਕਿਸਾਨਾਂ ਇਨ੍ਹਾਂ ਖੇਤੀ ਸੰਦਾਂ ਦੀ ਵਰਤੋਂ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਰ ਸਕਦੇ ਹਨ।
ਇਸ ਕੈਂਪ ਵਿੱਚ ਡਾ. ਗੁਲਜਾਰ ਸਿੰਘ ਸੰਘੇੜਾਂ, ਡਾਇਰੈਕਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ. ਅਮਰਜੀਤ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ ਗੁਰਦਾਸਪੁਰ, ਡਾ. ਰਜਿੰਦਰ ਕੁਮਾਰ, ਡਾ. ਵਿਕਰਾਂਤ, ਡਾ. ਹਰਪ੍ਰੀਤ ਸਿੰਘ ਅਤੇ ਡਾ. ਮਿੱਤਰਮਾਨ ਸਿੰਘ, ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਪਵਨ ਕੁਮਾਰ ਭੱਲਾ, ਸ਼੍ਰੀ ਆਈ.ਪੀ.ਐਸ. ਭਾਟੀਆ ਚੀਫ ਕੈਮਸਿਟ, ਸ਼੍ਰੀ ਕੁਲਦੀਪ ਸਿੰਘ ਚੀਫ ਇੰਜਨੀਅਰ, ਸ਼੍ਰੀ ਐਸ.ਕੇ. ਮਲਹੋਤਰਾ ਚੀਫ ਅਕਾਊਟਸ ਅਫਸਰ, ਸ਼੍ਰੀ ਰਾਜ ਕਮਲ ਮੁੱਖ ਗੰਨਾ ਵਿਕਾਸ ਅਫਸਰ, ਸ਼੍ਰੀ ਸੰਦੀਪ ਸਿੰਘ, ਇੰਜਨੀਅਰ-ਕਮ- ਪ੍ਰਚੇਜ ਅਫਸਰ, ਸ਼੍ਰੀ ਨਰਿੰਦਰ ਸਿੰਘ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਪਨਿਆੜ, ਸਮੂਹ ਫੀਲਡ ਸਟਾਫ ਅਤੇ ਮਿੱਲ ਵਰਕਰ ਵੀ ਹਾਜ਼ਰ ਸਨ ।