ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਗੁਰਦਾਸਪੁਰ ਵਿੱਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਤਿਉਹਾਰ ਦੇ ਮੌਕੇ ’ਤੇ ਪਟਾਕੇ ਵੇਚਣ ਸਬੰਧੀ ਸਬ-ਡਵੀਜਨ ਵਾਈਜ ਆਰਜ਼ੀ ਲਾਇਸੰਸਾਂ ਦੇ ਡਰਾਅ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਕੱਢੇ ਗਏ।
ਸੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਆਰਜ਼ੀ ਲਾਇਸੰਸ ਅਪਲਾਈ ਕਰਨ ਵਾਲੇ ਦੁਕਾਨਦਾਰਾਂ ਦੀ ਹਾਜ਼ਰੀ ਵਿੱਚ ਪੂਰੀ ਪਾਰਦਰਸ਼ਤਾ ਨਾਲ ਲੱਕੀ ਡਰਾਅ ਕੱਢਣ ਦੀ ਪ੍ਰੀਕਿ੍ਰਆ ਨੂੰ ਨੇਪਰੇ ਚਾੜਿਆ ਗਿਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਬ-ਡਵੀਜਨ ਵਾਈਜ ਕੁੱਲ 18 ਆਰਜ਼ੀ ਲਾਇਸੰਸ ਦਿੱਤੇ ਜਾਣੇ ਹਨ, ਜਿਨ੍ਹਾਂ ਲਈ 163 ਅਰਜ਼ੀਆਂ ਆਈਆਂ ਸਨ।
ਉਨ੍ਹਾਂ ਦੱਸਿਆ ਕਿ ਬਟਾਲਾ ਲਈ 6 ਆਰਜ਼ੀ ਲਾਇਸੰਸਾਂ ਲਈ ਸਭ ਤੋਂ ਵੱਧ 115 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿਚੋਂ 6 ਦਾ ਲੱਕੀ ਡਰਾਅ ਕੱਢਿਆ ਗਿਆ। ਦੀਨਾਨਗਰ ਲਈ 4 ਆਰਜ਼ੀ ਲਾਇਸੰਸਾਂ ਲਈ 44 ਅਰਜ਼ੀਆਂ ਆਈਆਂ ਸਨ, ਡੇਰਾ ਬਾਬਾ ਨਾਨਕ ਅਤੇ ਕਲਾਨੌਰ ਲਈ 3 ਆਰਜ਼ੀ ਲਾਇਸੰਸ ਕੱਢੇ ਜਾਣੇ ਸਨ। ਜਿਸ ਲਈ ਕੇਵਲ 2 ਅਰਜ਼ੀਆਂ ਆਈਆਂ ਸਨ। ਗੁਰਦਾਸਪੁਰ ਲਈ 2 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ ਜਿਸ ਲਈ 2 ਅਰਜ਼ੀਆਂ ਆਈਆਂ ਸਨ। ਇਸੇ ਤਰ੍ਹਾ ਸਬ- ਡਵੀਜਨ ਫਤਿਹਗੜ੍ਹ ਚੂੜੀਆਂ ਲਈ 3 ਲੱਕੀ ਡਰਾਅ ਕੱਢੇ ਜਾਣੇ ਸਨ ਪਰ ਕੋਈ ਵੀ ਅਰਜ਼ੀ ਨਹੀਂ ਆਈ । ਲੱਕੀ ਡਰਾਅ ਦੀ ਸਾਰੀ ਪ੍ਰੀਕਿ੍ਰਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਸੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਦੱਸਿਆ ਕਿ ਡਰਾਅ ਵਿੱਚ ਜੇਤੂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਤਿਉਹਾਰ ਦੇ ਮੌਕੇ ਪਟਾਖੇ ਵੇਚਣ/ਸਟੋਰ ਕਰਨ ਸਮੇਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨਬੱਧ ਹੋਣਗੇ। ਇਸ ਮੌਕੇ ਡਰਾਅ ਵਿੱਚ ਜੇਤੂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਪਟਾਕੇ ਵੇਚਣ ਸਮੇਂ ਸੁਰੱਖਿਆ ਪ੍ਰਬੰਧਾਂ ਸਬੰਧੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਪਟਾਖਿਆਂ ਦਾ ਸਟਾਲ ਲਗਾਉਣ ਲਈ ਆਰਜੀ ਲਾਇਸੰਸ ਵਿੱਚ ਜੇ ਜਗ੍ਹਾਂ ਨਿਰਧਾਰਿਤ ਕੀਤੀ ਜਾਵੇਗੀ, ਉਸ ਜਗ੍ਹਾਂ ਤੇ ਹੀ ਪਟਾਖਿਆਂ ਦੇ ਸਟਾਲ ਲਗਾਏ ਜਾਣ। ਡਰਾਅ ਕੱਢਣ ਤੋਂ ਪਹਿਲਾਂ ਦਰਖਾਸ਼ਤ ਕਰਤਾਵਾਂ ਨੂੰ ਜੀ.ਐਸ.ਟੀ. ਇੰਸਪੈਕਟਰ, ਗੁਰਦਾਸਪੁਰ ਦੀ ਹਾਜਰੀ ਵਿੱਚ ਦੱਸਿਆ ਗਿਆ ਕਿ ਜਿਸ ਵੀ ਦਰਖਾਸ਼ਤ ਕਰਤਾ ਦਾ ਡਰਾਅ ਆਰਜੀ ਲਾਇਸੰਸ ਲਈ ਨਿਕਲਦਾ ਹੈ ਉਸ ਨੂੰ ਜੀ.ਐਸ ਟੀ/ਐਕਸਾਈਜ ਵਿਭਾਗ ਪਾਸੋਂ ਲੋੜੀਂਦੀ ਐਨ.ਓ.ਸੀ. ਪ੍ਰਾਪਤ ਕਰਕੇ ਪੇਸ਼ ਕਰਨ ਉਪਰੰਤ ਹੀ ਆਰਜੀ ਲਾਇਸੰਸ ਜਾਰੀ ਕੀਤਾ ਜਾਵੇਗਾ। ਡਰਾਅ ਕੱਢਣ ਦੌਰਾਨ ਦਰਖਾਸ਼ਤ ਕਰਤਾਵਾਂ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਜੇਕਰ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਆਰਜੀ ਲਾਇਸੰਸ ਬਿਨ੍ਹਾਂ ਕਿਸੇ ਸੁਣਵਾਈ ਦੇ ਰੱਦ ਕਰ ਦਿੱਤਾ ਜਾਵੇਗਾ ਅਤੇ ਦਰਖਾਸ਼ਤ ਕਰਤਾ ਵਲੋਂ ਜੋ ਡਰਾਫਟ ਰਕਮ 35000/- ਜਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਨਾਮ ਤੇ ਦਿੱਤਾ ਗਿਆ ਹੈ, ਉਹ ਜਬਤ ਕਰ ਲਿਆ ਜਾਵੇਗਾ।