ਗੁਰਦਾਸਪੁਰ 10 ਸਤੰਬਰ (ਸਰਬਜੀਤ ਸਿੰਘ) —ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਬੀਤੀ ਦਿਨੀਂ ਇੱਕ ਵਿਦੇਸ਼ ਦੀ ਅਖਬਾਰ ਵਿੱਚ ਯੂ ਪੀ ਵਿਧਾਨ ਸਭਾ ਦੇ ਇੱਕ ਵਿਧਾਇਕ ਦੀ ਹਰਟ ਅਟੈਕ ਨਾਲ ਹੋਈ ਮੌਤ ਬਾਰੇ ਖੁਸ਼ ਹੋਣ ਦਾ ਪ੍ਰਭਾਵ ਦਿੰਦੀ ਖਬਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਹਵਾਲੇ ਨਾਲ ਲਖੀਮਪੁਰ ਖੀਰੀ ਤੋਂ ਛਾਪਣ ਦਾ ਸ੍ਰੀ ਉਗਰਾਹਾਂ ਵੱਲੋਂ ਖੰਡਨ ਕੀਤਾ ਗਿਆ ਹੈ।
ਇੱਥੇ ਜਾਰੀ ਕੀਤੇ ਗਏ ਲਿਖਤੀ ਪ੍ਰੈਸਨੋਟ ਰਾਹੀਂ ਸ੍ਰੀ ਉਗਰਾਹਾਂ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹੁਕਮਰਾਨ ਧਿਰ ਦੇ ਨੁਮਾਇੰਦੇ ਦੀ ਕਿਸੇ ਵੀ ਤਰ੍ਹਾਂ ਹੋਈ ਮੌਤ ਉੱਪਰ ਖੁਸ਼ੀ ਜ਼ਾਹਰ ਕਰਨਾ ਜਥੇਬੰਦੀ ਦੀ ਨੀਤੀ ਦਾ ਹਿੱਸਾ ਨਹੀਂ ਹੈ। ਰਿਪੋਰਟਰ ਨੇ ਖ਼ਬਰ ਲਿਖਣ ਤੋਂ ਪਹਿਲਾਂ ਜਾਂ ਮਗਰੋਂ ਉਨ੍ਹਾਂ ਨਾਲ ਜ਼ਬਾਨੀ ਜਾਂ ਲਿਖਤੀ ਅਜਿਹੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਸਮਝੀ। ਜਥੇਬੰਦੀ ਦੀ ਜੱਦੋਜਹਿਦ ਕਿਸੇ ਵੀ ਹੁਕਮਰਾਨ ਧਿਰ ਦੇ ਕਿਸੇ ਵਿਅਕਤੀ ਵਿਰੁੱਧ ਜ਼ਾਤੀ ਲੜਾਈ ਨਹੀਂ ਹੈ ਕਿ ਉਸਦੀ ਮੌਤ ਉਤੇ ਖੁਸ਼ੀ ਜ਼ਾਹਰ ਕੀਤੀ ਜਾਵੇ। ਸਗੋਂ ਇਹ ਲੜਾਈ ਤਾਂ ਹੁਕਮਰਾਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਵਿਚਾਰਾਂ ਨੂੰ ਮਾਤ ਦੇਣ ਦੀ ਲੜਾਈ ਹੈ। ਇਹ ਭਾਜਪਾ ਵਿਧਾਇਕ ਤਾਂ ਅਜਿਹੇ ਹੁਕਮਰਾਨਾਂ ਦਾ ਇੱਕ ਮਾਮੂਲੀ ਕਾਰਕੁਨ ਹੀ ਸੀ। ਉਨ੍ਹਾਂ ਸ੍ਰੀ ਚੰਦੀ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਅੱਗੇ ਤੋਂ ਅਜਿਹੀ ਖਬਰ ਛਾਪਣ ਵੇਲੇ ਸੰਬੰਧਿਤ ਵਿਅਕਤੀ ਦੀ ਸਹਿਮਤੀ ਜ਼ਰੂਰ ਹਾਸਲ ਕਰ ਲਈ ਜਾਵੇ।