ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ (ਏਕਟੂ) ਦੇ ਸੈਂਕੜੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਬਰੇਸ਼ਨ ਦਫ਼ਤਰ ਵਿਖੇ ਰੈਲੀ ਕਰਨ ਤੋਂ ਬਾਅਦ ਮੁਜ਼ਾਹਰਾ ਕੀਤਾ
ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ (ਏਕਟੂ) ਦੇ ਸੈਂਕੜੇ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਬਰੇਸ਼ਨ ਦਫ਼ਤਰ ਵਿਖੇ ਰੈਲੀ ਕਰਨ ਤੋਂ ਬਾਅਦ ਮੁਜ਼ਾਹਰਾ ਕੀਤਾ ਅਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਬਟਾਲਾ ਵਿਖੇ ਧਰਨਾ ਦਿੱਤਾ।ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ, ਗੁਰਮੁਖ ਸਿੰਘ ਲਾਲੀ ਭਾਗੋਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਦੇਸ਼ ਵਿਚ ਅੱਜ 11 ਟਰੇਡ ਯੂਨੀਅਨਾਂ ਵੱਲੋਂ ਕਾਲਾ ਦਿਨ ਮਨਾਉਣ ਦੇ ਸੱਦੇ ਤਹਿਤ ਰੈਲੀ ਕਰਕੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ 12 ਘੰਟੇ ਦੀ ਡਿਊਟੀ ਦਾ ਕਾਨੂੰਨ ਲਾਗੂ ਕਰਨ ਦੀ ਬਜਾਏ 8 ਘੰਟੇ ਦੀ ਡਿਊਟੀ ਦਾ ਕਾਨੂੰਨ ਬਹਾਲ ਕਰੇ, 40 ਕਿਰਤ ਕਾਨੂੰਨਾਂ ਨੂੰ 4 ਕੋਡਾ ਵਿਚ ਬਦਲਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਤਿੰਨ ਫੌਜਦਾਰੀ ਕਨੂੰਨਾ ਵਿਚ ਕੀਤੀਆਂ ਸੋਧਾਂ ਵਾਪਸ ਕੀਤੀਆਂ ਜਾਣ, ਮਨਰੇਗਾ ਦਾ ਰੋਜ਼ਗਾਰ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ,ਹਰ ਪੱਧਰ ਤੇ ਕਿਰਤ ਕਨੂੰਨਾਂ ਨੂੰ ਲਾਗੂ ਕੀਤਾ ਜਾਵੇ, ਪੰਜਾਬ ਦੇ ਕਰੀਬ ਵੀਹ ਹਜ਼ਾਰ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀਆਂ ਯੋਗ ਸਹੂਲਤਾਂ ਲਾਗੂ ਕੀਤੀਆਂ ਜਾਣ, ਸਕੀਮ ਵਰਕਰਾਂ ਨੂੰ ਘੱਟੋ ਘੱਟ ਕਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।ਇਸ ਸਮੇਂ ਇਕ ਮਤਾ ਪਾਸ ਕਰਕੇ ਸੋਸ਼ਲ ਮੀਡੀਆ ਕਾਰਕੁੰਨ ਅਤੇ ਪ੍ਰਸਿੱਧ ਚਿੰਤਕ ਮਲਵਿੰਦਰ ਸਿੰਘ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਗਈ। ਰੈਲੀ ਵਿਚ ਦਲਬੀਰ ਭੋਲਾ ਮਲਕਵਾਲ, ਰਮਨ ਮੰਮਣ, ਲਖਵਿੰਦਰ ਸਿੰਘ ਭਾਗੋਵਾਲ, ਲਖਬੀਰ ਸਿੰਘ, ਬਚਨ ਸਿੰਘ ਮਿਸਾਨੀਆ ,ਬਲਜੀਤ ਸਿੰਘ ,ਬਾਬਾ ਕੁਲਵੰਤ ਸਿੰਘ, ਜਿੰਦਾ ਛੀਨਾਂ ਅਤੇ ਚਰਨਜੀਤ ਸਿੰਘ ਚੰਨੀ ਤਲਵੰਡੀ ਝਿਊਰਾ ਸ਼ਾਮਲ ਸਨ।


