ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ – ਬਾਲੀ
ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਬੇਰੋਜ਼ਗਾਰ ਨੌਜਵਾਨ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਪੋਰਟਲ ‘ਨੈਸ਼ਨਲ ਕਰੀਅਰ ਸਰਵਿਸ’ ‘ਤੇ ਖੁਦ ਨੂੰ ਰਜਿਸਟਰ ਕਰਕੇ ਆਪਣੀ ਪਸੰਦ ਦੀ ਨੌਕਰੀ ਲੱਭ ਸਕਦੇ ਹਨ। ਦੇਸ਼ ਵਿੱਚ ਕਿਸੇ ਵੀ ਥਾਂ ‘ਤੇ ਨੌਕਰੀ ਪ੍ਰਾਪਤ ਕਰਨ ਲਈ, ਉਹ ਘਰ ਬੈਠੇ ਹੀ ਇਸ ਪੋਰਟਲ ਰਾਹੀਂ ਇਹ ਕੰਮ ਕਰ ਸਕਦੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਰੋਜ਼ਗਾਰ ਸਿਰਜਣ ਅਤੇ ਸਿਖਲਾਈ ਅਫ਼ਸਰ ਪੁਰਸ਼ੋਤਮ ਸਿੰਘ ਚਿੱਬ ਨੇ ਅੱਜ ਇੱਥੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਜਲੰਧਰ ਵੱਲੋਂ ਲਗਾਈ ਗਈ ਤਿੰਨ ਰੋਜ਼ਾ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।।
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਰਾਣੇ ਬੱਸ ਸਟੈਂਡ ਵਿਖੇ ਲਗਾਈ ਗਈ ਇਹ ਪ੍ਰਦਰਸ਼ਨੀ ਆਮ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਅਤੇ ਜਾਣਕਾਰੀ ਇੱਕੋ ਥਾਂ ‘ਤੇ ਮੁਹੱਈਆ ਕਰਵਾਉਣ ਦੇ ਲਈ ਭਲਕੇ ਸ਼ਾਮ ਤੱਕ ਰਹੇਗੀ। ਰੁਜ਼ਗਾਰ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਜ਼ਿਲ੍ਹਾ ਪੱਧਰ ‘ਤੇ ਨੌਕਰੀ ਲਈ ਮਾਰਗਦਰਸ਼ਨ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਨਾਲ ਸੰਪਰਕ ਕਰ ਸਕਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਕੇਵਲ ਕਲਸੀ ਨੇ ਨੌਜਵਾਨਾਂ ਅਤੇ ਹੋਰਨਾਂ ਨੂੰ ਉਚੇਰੀ ਪੜ੍ਹਾਈ ਕਰਨ ਅਤੇ ਪੜ੍ਹਾਈ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਲਈ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਲੋਨ ਲੈਣ ਲਈ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਬਿਊਰੋ ਦੇ ਫੀਲਡ ਪਬਲੀਸਿਟੀ ਅਫਸਰ ਅਤੇ ਪ੍ਰਦਰਸ਼ਨੀ ਦੇ ਨੋਡਲ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਕੱਲ੍ਹ ਯਾਨੀ ਆਖਰੀ ਦਿਨ ਸੀਮਾ ਸੁਰੱਖਿਆ ਬਲ ਵੱਲੋਂ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਵਿੱਚ ਬੀਐੱਸਐੱਫ ਵਿੱਚ ਭਰਤੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਸਿਵਲ ਸਰਜਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਕਰੀਨਿੰਗ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਮੁਫ਼ਤ ਚੈੱਕਅਪ ਕੀਤਾ ਜਾਵੇਗਾ। ਇਸ ਜਾਂਚ ਲਈ ਰੋਟਰੀ ਕਲੱਬ ਜਲੰਧਰ ਵੈਸਟ ਤੋਂ ਵਿਸ਼ੇਸ਼ ਜਾਂਚ ਵੈਨ ਮੰਗਵਾਈ ਜਾ ਰਹੀ ਹੈ, ਜਿਸ ਦਾ ਖਰਚਾ ਕੇਂਦਰੀ ਸੰਚਾਰ ਬਿਊਰੋ ਵੱਲੋਂ ਕੀਤਾ ਜਾਵੇਗਾ।
ਗੁਰਦਾਸਪੁਰ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਟ੍ਰੈਫਿਕ ਨਿਯਮਾਂ ਅਤੇ ਬਟਾਲਾ ਪੁਲਸ ਦੀ ਸਹਾਇਕ ਸਬ ਇੰਸਪੈਕਟਰ ਰਜਿੰਦਰ ਕੌਰ ਨੇ ਹੈਲਪਲਾਈਨ ਨੰਬਰ 112, 1098 ਦੇ ਬਾਰੇ ਜਾਣਕਾਰੀਆਂ ਦਿੰਦੇ ਹੋਏ ਬੱਚਿਆਂ ਖਾਸਕਰ ਲੜਕੀਆਂ ਅਤੇ ਔਰਤਾਂ ਨੂੰ ਆਨਲਾਈਨ ਅਪਰਾਧਾਂ ਤੋਂ ਬਚਣ ਲਈ ਸੋਸ਼ਲ ਮੀਡੀਆ ‘ਤੇ ਆਪਣੀਆਂ ਫੋਟੋਆਂ ਅਤੇ ਹੋਰ ਜਾਣਕਾਰੀਆਂ ਘੱਟ ਤੋਂ ਘੱਟ ਅਪਲੋਡ ਕਰਨ ਦੀ ਅਪੀਲ ਕੀਤੀ।