ਡੀਟੀਸੀ ਜਲੰਧਰ ਵੱਲੋਂ ਬਟਾਲਾ ਦੇ ਠੇਕੇ ਬੰਦ ਰੱਖਣ ਦੇ ਸਖਤ ਆਦੇਸ਼ ਜਾਰੀ

ਗੁਰਦਾਸਪੁਰ

ਮਾਮਲਾ ਬਟਾਲਾ ਦੀ ਸ਼ਰਾਬ ਪਠਾਨਕੋਟ ਏਰੀਏ ਵਿੱਚ ਵੇਚਣ ਦਾ
ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਐਕਸਾਈਜ਼ ਵਿਭਾਗ ਦੇ ਕਲੈਕਟਰ ਕਮ ਡਿਪਟੀ ਕਮਿਸ਼ਨਰ ਜਲੰਧਰ ਜੋਨ ਵੱਲੋਂ ਇੱਕ ਅਹਿਮ ਮਾਮਲੇ ਵਿੱਚ ਸੁਣਵਾਈ ਕਰਨ ਤੋਂ ਬਾਅਦ ਅੱਜ ਹੁਕਮ ਜਾਰੀ ਕਰਦਿਆਂ ਬਟਾਲਾ ਵਿਖੇ ਸ਼ਰਾਬ ਕਾਰੋਬਾਰੀਆਂ ਦੇ ਗਰੁੱਪ ਨੂੰ ਕਰਾਰਾ ਝਟਕਾ ਦਿੰਦਿਆਂ ਇਕ ਦਿਨ ਲਈ ਠੇਕੇ ਬੰਦ ਰੱਖਣ ਦਾ ਸਖਤ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਮਿਤੀ 5 ਸਤੰਬਰ ਨੂੰ ਭਲਕੇ ਬਟਾਲਾ ਵਿਖੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ।
ਡੀਟੀਸੀ ਜਲੰਧਰ ਸੁਰਿੰਦਰ ਗਰਗ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਐਕਸਾਈਜ਼ ਇੰਸਪੈਕਟਰ ਸੁਰਿੰਦਰ ਕਹਲੋਂ ਨੇ ਆਪਣੀ ਟੀਮ ਨਾਲ ਮਿਤੀ 31 ਜੁਲਾਈ 2024 ਨੂੰ ਕੋਟਲੀ ਸਰਨਾ, ਪਠਾਨਕੋਟ ਵਿਖੇ ਨਾਕਾਬੰਦੀ ਕੀਤੀ ਸੀ। ਜਿਸ ਦੌਰਾਨ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਡੀਟੀਸੀ ਗਰਗ ਦੇ ਹੁਕਮਾਂ ਅਨੁਸਾਰ ਐਕਸਾਈਜ਼ ਟੀਮ ਨੇ ਜਦੋਂ ਇੱਕ ਕਾਰ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 40 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਜਿਸ ਨੂੰ ਲੈ ਕੇ ਐਫ ਆਈਆਰ ਨੰਬਰ 84 ਮਿਤੀ 31 ਜੁਲਾਈ 2024 ਪੁਲਿਸ ਸਟੇਸ਼ਨ ਸਦਰ ਪਠਾਨਕੋਟ ਵਿਖੇ ਦਰਜ ਕੀਤੀ ਗਈ ਸੀ।
ਡੀਟੀਸੀ ਅਨੁਸਾਰ ਜਦੋਂ ਫੜੀ ਗਈ ਸ਼ਰਾਬ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਹ ਸ਼ਰਾਬ ਬਟਾਲਾ ਦੇ ਠੇਕੇਦਾਰ ਗਰੁੱਪ ਦੀ ਪਾਈ ਗਈ ਜਿਸ ਤੋਂ ਬਾਅਦ ਬਰੀਕੀ ਨਾਲ ਪੜਤਾਲ ਤੋਂ ਬਾਅਦ ਪਾਇਆ ਗਿਆ ਕਿ ਆਰ.ਕੇ ਇੰਟਰਪ੍ਰਾਈਜ ਗਰੁੱਪ ਨੇ ਐਕਸਾਈਜ਼ ਐਕਟ ਦੀ ਉਲੰਘਣਾ ਕੀਤੀ ਹੈ। ਜਿਸ ਲਈ ਇਸ ਗਰੁੱਪ ਦੇ ਬਟਾਲਾ ਵਿਚਲੇ ਠੇਕੇ ਇੱਕ ਦਿਨ ਲਈ ਬੰਦ ਰੱਖਣ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਦੋਂ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡੀਟੀਸੀ ਜਲੰਧਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਅਤੇ ਬਟਾਲਾ ਵਿਖੇ ਸ਼ਰਾਬ ਕਾਰੋਬਾਰੀਆਂ ਦੇ ਠੇਕੇ ਇੱਕ ਦਿਨ ਲਈ ਬੰਦ ਰੱਖਣ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਠੇਕੇ ਹਰ ਹਾਲਤ ਵਿੱਚ ਬੰਦ ਕਰਵਾਏ ਜਾਣਗੇ।

Leave a Reply

Your email address will not be published. Required fields are marked *