ਲੁਧਿਆਣਾ, ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)—ਕਾਰਖਾਨਾ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਲੈਣ ਅਤੇ ਹੋਰ ਕਨੂੰਨੀ ਕਿਰਤ ਹੱਕ ਲਾਗੂ ਕਰਾਉਣ ਲਈ ਅੱਜ ਹੋਲੀ ਦੇ ਦਿਨ ਵੀ ਮਾਰਸ਼ਲ ਮਸ਼ੀਨ ਲਿਮਟਿਡ ਲੁਧਿਆਣਾ ਵਿਖੇ ਮਜ਼ਦੂਰਾਂ ਨੂੰ ਫੈਕਟਰੀ ਦੇ ਗੇਟ ’ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਸੰਘਰਸ਼ ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਹੈ, ਪਰ ਕੰਪਨੀ ਮਾਲਕ ਆਪਣੇ ਮਜ਼ਦੂਰ ਵਿਰੋਧੀ ਰਵੱਈਏ ’ਤੇ ਅੜਿਆ ਹੋਇਆ ਹੈ। ਕਿਰਤ ਵਿਭਾਗ ਵੱਲੋਂ ਵੀ ਮਾਲਕ/ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ। ਅੱਜ ਮਾਲਕ ਵੱਲੋਂ ਧਰਨੇ ’ਤੇ ਪੁਲਿਸ ਭੇਜ ਕੇ ਮਜ਼ਦੂਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਮਜ਼ਦੂਰਾਂ ਦੀਆਂ ਦਲੀਲਾਂ ਅਤੇ ਇਕਮੁੱਠਤਾ ਨੇ ਨਾਕਾਮ ਕਰ ਦਿੱਤੀ। ਉਨ੍ਨਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਅੱਜ ਦੇ ਮੁਜਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂਆਂ ਲਖਵਿੰਦਰ, ਕਲਪਨਾ ਅਤੇ ਗਗਨਦੀਪ ਕੌਰ, ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ ਜਗਦੀਸ਼ ਸਿੰਘ, ਛੋਟੇਲਾਲ ਅਤੇਵਿਸ਼ਾਲ ਨੇ ਸੰਬੋਧਤ ਕੀਤਾ। ਔਰਤ ਆਗੂਆਂ ਨੇ ਮਜ਼ਦੂਰਾਂ ਨੂੰ 8 ਮਾਰਚ ਦੇ ਕੌਮਾਂਤਰੀ ਮਜ਼ਦੂਰ ਔਰਤ ਦਿਵਸ ਦੇ ਇਨਕਲਾਬੀ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਔਰਤਾਂ ਦੀ ਵਿਸ਼ਾਲ ਅਬਾਦੀ ਨੂੰ ਮਜ਼ਦੂਰ ਲਹਿਰ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਸਾਥੀ ਤਿਲਕਧਾਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਜਿਕਰਯੋਗ ਹੈ ਕਿ ਪਹਿਲਾਂ 7 ਤੋਂ 10 ਫਰਵਰੀ ਤੱਕ ਚੱਲੀ ਹੜਤਾਲ ਦੌਰਾਨ ਕੰਪਨੀ ਮਾਲਕ ਵੱਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਲਿਖਤੀ ਸਮਝੌਤਾ ਕੀਤਾ ਗਿਆ ਸੀ ਕਿ ਹਰ ਮਹੀਨੇ ਦੀ ਤਨਖਾਹ 10 ਤਰੀਕ ਤੱਕ ਦਿੱਤੀ ਜਾਵੇਗੀ ਅਤੇ ਜਨਵਰੀ ਦੀ ਤਨਖਾਹ ਤਿੰਨ ਕਿਸ਼ਤਾਂ ’ਚ ਦਿੱਤੀ ਜਾਵੇਗੀ ਅਤੇ ਹੋਰ ਕਿਰਤ ਕਨੂੰਨ ਲਾਗੂ ਕਰਨ ਦੀ ਗੱਲ ਵੀ ਮੰਨੀ ਗਈ ਸੀ। ਪਰ ਬਾਅਦ ’ਚ ਮਾਲਕ ਇਸ ਸਮਝੌਤੇ ਤੋਂ ਮੁੱਕਰ ਗਿਆ। ਹੁਣ 28 ਫਰਵਰੀ ਤੋਂ ਲਗਾਤਾਰ ਮਜ਼ਦੂਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਕਾਰਖਾਨਾ ਮਜ਼ਦੂਰ ਯੂਨੀਅਨ ਦਾ ਕਹਿਣਾ ਹੈ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਜ਼ਦੂਰਾਂ ਦੀ ਪਿਛਲੀ ਤਨਖਾਹ ਦੇ ਭੁਗਤਾਨ ਸਮੇਤ ਹੋਰ ਸਾਰੇ ਕਿਰਤ ਹੱਕ ਲਾਗੂ ਨਹੀਂ ਹੋ ਜਾਂਦੇ। ਲੁਧਿਆਣੇ ਦੇ ਮਜ਼ਦੂਰਾਂ-ਕਿਰਤੀਆਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਨੂੰ ਆਪਣੇ ਸੰਘਰਸ਼ ਦੀ ਹਿਮਾਇਤ ਵਿੱਚ ਲਾਮਬੰਦ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਵੱਡੀ ਗਿਣਤੀ ਵਿੱਚ ਪਰਚਾ ਵੰਡਿਆ ਜਾਵੇਗਾ, ਪੈਦਲ ਮਾਰਚ ਕੀਤੇ ਜਾਣਗੇ, ਮੀਟਿੰਗਾਂ ਕੀਤੀਆਂ ਜਾਣਗੀਆਂ। ਉਹਨਾਂ ਸਭਨਾਂ ਇਨਸਾਫਪਸੰਦ ਲੋਕਾਂ ਨੂੰ ਹੱਕੀ ਸੰਘਰਸ਼ ਦੀ ਹਿਮਾਇਤ ਵਿੱਚ ਆਉਣ ਦਾ ਸੱਦਾ ਦਿੱਤਾ ਹੈ।