ਨਵੀਂ ਦਿੱਲੀ, ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)—ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਤੇ ਕਤਲ ਕੇਸ ਵਿਚ ਉਮਰ ਕੈਦ ਦੇ ਸਜ਼ਾ ਯਾਫਤਾ ਮੁਜਰਿਮ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਪ੍ਰਯਾਗਰਾਜ ‘ਚ ਪੁਲਸ ਹਿਰਾਸਤ ‘ਚ ਬੀਤੀ ਰਾਤ ਟੀ.ਵੀ. ਕੈਮਰਿਆਂ ਦੇ ਸਾਹਮਣੇ ਹੋਏ ਕਤਲਾਂ ਬਾਰੇ ਸੀਪੀਆਈ (ਐਮ ਐਲ) ਦਾ ਕਹਿਣਾ ਹੈ ਕਿ ਭਾਜਪਾ ਦੀ ਸਰਕਾਰ ਹੇਠਲੇ ਉੱਤਰ ਪ੍ਰਦੇਸ਼ ‘ਚ ਕਾਨੂੰਨ ਦੇ ਰਾਜ ਦੀ ਕੋਈ ਥਾਂ ਨਹੀਂ ਹੈ, ਬਲਕਿ ਉਥੇ ਖੁੱਲਣ ਖੁੱਲਾ ਫਾਸਿਸਟ ਰਾਜ ਚੱਲ ਰਿਹਾ ਹੈ।
ਯੋਗੀ ਆਦਿਤਿਆਨਾਥ ਸਰਕਾਰ ਦੇ ਨਿਰਦੇਸ਼ਾਂ ‘ਤੇ ਪੁਲਸ ਐਨਕਾਊਂਟਰ ਦੀ ਆੜ ਵਿਚ ਕੀਤੇ ਜਾ ਰਹੇ ਗੈਰ-ਕਾਨੂੰਨੀ ਕਤਲਾਂ ਨੂੰ ਜੁਰਮਾਂ ਦੇ ਖਿਲਾਫ ਅਸਰਦਾਰ ਕਦਮ ਵਜੋਂ ਪ੍ਰਚਾਰਿਆ ਤੇ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਪਰ ਇਸ ਘਟਨਾ ਵਿਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਤੀਕ ਅਤੇ ਅਸ਼ਰਫ ਨੂੰ ਬਿਲਕੁਲ ਕਰੀਬ ਤੋਂ ਗੋਲੀਆਂ ਮਾਰੀਆਂ ਗਈਆਂ, ਪਰ ਪੁਲਿਸ ਚੁੱਪਚਾਪ ਦੇਖਦੀ ਰਹੀ ਅਤੇ ਆਪਣਾ “ਕੰਮ” ਪੂਰਾ ਕਰਨ ਤੋਂ ਬਾਅਦ ਕਾਤਲਾਂ ਵਲੋਂ ਆਤਮ ਸਮਰਪਣ ਕਰਨ ਦੀ ਉਡੀਕ ਕਰਦੀ ਰਹੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਨਤਕ ਤੌਰ ‘ਤੇ ਇਸ ਮਾਫੀਆ ਡਾਨ ਨੂੰ ਮਿੱਟੀ ਵਿਚ ਮਿਲਾ ਦੇਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਅਤੀਕ ਅਹਿਮਦ ਨੇ ਯੋਗੀ ਸਰਕਾਰ ਕੋਲੋਂ ਅਪਣੀ ਜਾਨ ਨੂੰ ਖ਼ਤਰੇ ਦਾ ਖਦਸ਼ਾ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਅਤੀਕ ਦੇ ਵਕੀਲ ਨੇ ਪਟੀਸ਼ਨ ਵਿਚ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਮੁਵੱਕਿਲ ਦਾ ਗੁਜਰਾਤ ਤੋਂ ਯੂ.ਪੀ. ਵਿਚ ਤਬਾਦਲਾ , ਅਸਲ ਵਿੱਚ ਉਸ ਦੀ ਮੌਤ ਦਾ ਵਾਰੰਟ ਹੈ। ਪਰ ਸੁਪਰੀਮ ਕੋਰਟ ਨੇ ਸੁਰੱਖਿਆ ਦੇਣ ਲਈ ਅਤੀਕ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਕਿਉਂਕਿ ਉਹ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ, ਇਸ ਲਈ ਸੂਬਾ ਸਰਕਾਰ, ਉਸ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪਰ ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਸੂਬਾ ਸਰਕਾਰ ਨੇ ਆਪਣੀ ਇਹ ਜ਼ਿੰਮੇਵਾਰੀ ਕਿਵੇਂ ਨਿਭਾਈ ਹੈ!
ਦੋ ਦਿਨ ਪਹਿਲਾਂ ਝਾਂਸੀ ਵਿੱਚ ਅਤੀਕ ਦੇ ਪੁੱਤਰ ਤੇ ਭਤੀਜੇ ਦੇ ਝੂਠੇ ਮੁਕਾਬਲੇ ਵਿਚ ਕੀਤੇ ਗਏ ਗੈਰ-ਕਾਨੂੰਨੀ ਕਤਲਾਂ ਤੋਂ ਤੁਰੰਤ ਬਾਅਦ, ਹੁਣ ਅਤੀਕ ਅਤੇ ਅਸ਼ਰਫ ਦੇ ਇਹ ਕਤਲ ਖੁਦ ਹਕੂਮਤ ਵਲੋਂ ਸੰਵਿਧਾਨ ਤੇ ਕਾਨੂੰਨ ਦਾ ਸ਼ਰੇਆਮ ਮਜ਼ਾਕ ਉਡਾਉਣ ਵਾਲੇ ਹਨ।
2006 ‘ਚ ਯੋਗੀ ਆਦਿਤਿਆਨਾਥ ਜਦੋਂ ਗੋਰਖਪੁਰ ਤੋਂ ਸੰਸਦ ਮੈਂਬਰ ਸਨ, ਤਾਂ ਸੰਸਦ ‘ਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ‘ਚ ਆਪਣੇ ਨਾਲ ਉਦੋਂ ਦੀ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਕਥਿਤ ਧੱਕੇ ਬਾਰੇ ਸਪੀਕਰ ਸੋਮਨਾਥ ਚੈਟਰਜੀ ਦੇ ਸਾਹਮਣੇ ਰੋਂਦੇ ਹੋਏ ਸ਼ਿਕਾਇਤ ਕੀਤੀ ਸੀ। ਅੱਜ ਉਹ ਖੁਦ ਸੱਤਾ ਵਿਚ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਸਾਰੇ ਵਿਰੋਧੀਆਂ ਤੇ ਖਾਸ ਕਰ ਮੁਸਲਿਮ ਫਿਰਕੇ ਵਿਰੁੱਧ ਖੁੱਲ੍ਹੇਆਮ ਦਹਿਸ਼ਤ, ਬਦਲਾਖੋਰੀ ਅਤੇ ਜਬਰ ਜ਼ੁਲਮ ਦਾ ਰਾਜ ਕਾਇਮ ਕੀਤਾ ਹੋਇਆ ਹੈ। ਅਤੀਕ ਅਹਿਮਦ, ਜੋ 2004 ਤੋਂ 2009 ਤੱਕ ਫੂਲਪੁਰ ਤੋਂ ਆਦਿਤਿਆਨਾਥ ਦੀ ਤਰ੍ਹਾਂ ਸੰਸਦ ਮੈਂਬਰ ਰਿਹਾ – ਦਾ ਉਸ ਦੇ ਭਰਾ ਸਮੇਤ ਗਿਣੇ ਮਿਥੇ ਢੰਗ ਨਾਲ ਕਰਵਾਏ ਗਏ ਇਹ ਕਤਲ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਅੱਜ ਉੱਤਰ ਪ੍ਰਦੇਸ਼ ‘ਚ ਕਾਨੂੰਨ ਦੇ ਰਾਜ ਲਈ ਕੋਈ ਥਾਂ ਨਹੀਂ ਹੈ ਅਤੇ ਉਥੇ ਹਕੂਮਤੀ ਦਹਿਸ਼ਤਗਰਦੀ , ਬੁਲਡੋਜ਼ਰਾਂ ਅਤੇ ਝੂਠੇ ਪੁਲਸ ‘ਮੁਕਾਬਲਿਆਂ’ ਦੀ ਸ਼ਕਲ ਵਿਚ ਫਾਸਿਸਟ ਅਰਾਜਕਤਾ ਨੂੰ ਹੀ ਸੰਸਥਾਗਤ ਕਰ ਦਿੱਤਾ ਗਿਆ ਹੈ।
ਕਾਨੂੰਨ ਦੇ ਰਾਜ ਦੇ ਖਤਮ ਹੋਣ ਕਾਰਨ, ਸਾਰੇ ਧਰਮਾਂ ਅਤੇ ਜਾਤਾਂ ਦੇ ਨਾਗਰਿਕਾਂ ਨੂੰ ਉੱਥੇ ਸਿਰੇ ਦੀ ਅਸੁਰੱਖਿਆ ਹੇਠ ਜਿਊਣ ਦਾ ਸਰਾਪ ਮਿਲਿਆ ਹੋਇਆ ਹੈ। ਐਪਲ ਦੇ ਮਾਰਕੀਟਿੰਗ ਐਗਜ਼ੀਕਿਊਟਿਵ ਵਿਵੇਕ ਤਿਵਾੜੀ ਦੀ 29 ਸਤੰਬਰ 2018 ਨੂੰ ਲਖਨਊ ਵਿੱਚ ਪੁਲਿਸ ਵੱਲੋਂ ਹੱਤਿਆ, ਗਾਜ਼ੀਆਬਾਦ ਦੇ ਪੱਤਰਕਾਰ ਵਿਕਰਮ ਜੋਸ਼ੀ ਦੀ 20 ਜੁਲਾਈ 2020 ਨੂੰ ਹੱਤਿਆ ਅਤੇ ਟਰਾਂਸਪੋਰਟ ਮੈਨੇਜਰ ਸ਼ਿਵਮ ਜੌਹਰੀ ਦੀ 12 ਅਪ੍ਰੈਲ 2023 ਨੂੰ ਸਹਾਰਨਪੁਰ ਵਿੱਚ ਲਿੰਚਿੰਗ ਯੂਪੀ ਵਿੱਚ ਤਿੰਨ ਅਜਿਹੀਆਂ ਹੀ ਗੰਭੀਰ ਘਟਨਾਵਾਂ ਹਨ। ਜਿਸ ਨੇ ਪਹਿਲਾਂ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਿਆਨਾਥ ਦਾ ਰਾਜ, ਅਸਲ ਵਿੱਚ ਖੁੱਲੀ ਦਹਿਸ਼ਤ ਦਾ ਰਾਜ ਬਣ ਚੁੱਕਾ ਹੈ। ਇਸ ਫਾਸਿਸਟ ਪ੍ਰਵਿਰਤੀ ਖ਼ਿਲਾਫ਼ ਹਰ ਪੱਧਰ ‘ਤੇ ਆਵਾਜ਼ ਉਠਾਉਣ ਅਤੇ ਬੀਜੇਪੀ ਨੂੰ ਸਤਾ ਤੋਂ ਬਾਹਰ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨ ਦੀ ਜ਼ਰੂਰਤ ਹੈ।