ਰੂੜੇਕੇ ਕਲਾਂ, ਗੁਰਦਾਸਪੁਰ, 23 ਅਗਸਤ ( ਸਰਬਜੀਤ ਸਿੰਘ)– ਅੱਜ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਥਾਣਾ ਰੂੜੇਕੇ ਕਲਾਂ (ਜ਼ਿਲ੍ਹਾ ਬਰਨਾਲਾ ) ਵਿਖੇ ਜ਼ਬਰਦਸਤ ਧਰਨਾ ਲਾਇਆ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਕੁੱਝ ਦਿਨ ਪਹਿਲਾਂ ਪਿੰਡ ਕਾਹਨੇਕੇ ਦੇ ਜਾਤੀ ਹੈਂਕੜ ਵਿੱਚ ਅੰਨ੍ਹੇ ਹੋਏ ਇੱਕ ਕਿਸਾਨ ਜਗਸੀਰ ਸਿੰਘ ਵੱਲੋਂ ਇੱਕ ਸੱਤਵੀਂ ਜਮਾਤ ਵਿੱਚ ਪੜ੍ਹਦੇ ਦਲਿਤ ਪਰਿਵਾਰ ਦੇ ਬੱਚੇ ਕੁਲਦੀਪ ਸਿੰਘ (12 ਸਾਲ ) ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜੀਹਦੇ ਕਰਕੇ ਬੱਚੇ ਨੂੰ ਹਸਪਤਾਲ ਦਖ਼ਲ ਕਰਵਾਉਣਾ ਪਿਆ ਸੀ। ਬੱਚੇ ਦਾ ਕਸੂਰ ਇਹ ਸੀ ਕਿ ਉਹ ਹੋਰ ਬੱਚਿਆਂ ਨਾਲ ਸਕੂਲ ਦੀ ਕੰਧ ਟੱਪ ਕੇ ਨੇੜਲੇ ਜ਼ਿਮੀਂਦਾਰ ਦੇ ਖੇਤ ਵਿੱਚ ਅਮਰੂਦ ਤੋੜਨ ਚਲਿਆ ਗਿਆ ਸੀ।ਜਥੇਬੰਦੀਆਂ ਵੱਲੋਂ ਲਗਾਤਾਰ ਦੋਸ਼ੀ ਜਗਸੀਰ ਸਿੰਘ ਨੂੰ ਗਿਰਫ਼ਤਾਰ ਕਰਨ ਅਤੇ ਐਫ਼ ਆਈ ਆਰ ਵਿੱਚ ਐਸ ਸੀ/ਐਸ ਟੀ ਐਕਟ ਅਤੇ ਜੇ ਜੇ ਐਕਟ ਵਿੱਚ ਵਾਧਾ ਕਰਕੇ ਦੋਸ਼ੀ ਨੂੰ ਗਿਰਫ਼ਤਾਰ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਬਾਲ ਅਧਿਕਾਰ ਰੱਖਿਆ ਕਮਿਸ਼ਨ ਚੰਡੀਗੜ੍ਹ ਵੱਲੋਂ ਦਖ਼ਲ ਦੇਕੇ ਜੇ ਜੇ ਐਕਟ ਵਿੱਚ ਵਾਧਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਪਰ ਰੂੜੇਕੇ ਥਾਣੇ ਦੀ ਪੁਲਸ ਵੱਲੋਂ ਅਜੇ ਤੱਕ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਇਸ ਲਈ ਅੱਜ ਦੁਬਾਰਾ ਵੱਡੀ ਗਿਣਤੀ ਵਿੱਚ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣੇ ਅੱਗੇ ਵੱਡਾ ਧਰਨਾ ਲਾਇਆ ਗਿਆ। ਮੋਰਚੇ ਦੇ ਆਗੂਆਂ ਕਾਮਰੇਡ ਲਾਭ ਸਿੰਘ ਅਕਲੀਆ ਸੂਬਾਈ ਆਗੂ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ, ਕਾਮਰੇਡ ਖੁਸ਼ੀਆਂ ਸਿੰਘ ਜ਼ਿਲ੍ਹਾ ਸਕੱਤਰ ਨਰੇਗਾ ਅਧਿਕਾਰ ਪ੍ਰਾਪਤ ਯੂਨੀਅਨ, ਮੱਖਣ ਸਿੰਘ ਰਾਮਗੜ੍ਹ ਸੂਬਾਈ ਆਗੂ ਮਜ਼ਦੂਰ ਮੁਕਤੀ ਮੋਰਚਾ ਅਤੇ ਕਾਮਰੇਡ ਭੋਲ਼ਾ ਸਿੰਘ ਕਲਾਲਮਾਜਰਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਅਜੇ ਵੀ ਦੋਸ਼ੀ ਪ੍ਰਤੀ ਨਰਮ ਰੁੱਖ ਅਪਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਗ਼ਰੀਬ ਦਲਿਤਾਂ ਦਾ ਲਗਾਤਾਰ ਆਰਥਿਕ ਸ਼ੋਸ਼ਣ ਵਧ ਰਿਹਾ ਹੈ ਅਤੇ ਜਿਸਮਾਨੀ ਹਮਲੇ ਹੋ ਰਹੇ ਹਨ। ਹਰ ਜਗ੍ਹਾ ਸਿਆਸੀ ਲੋਕਾਂ ਦੇ ਦਬਾਅ ਹੇਠ ਪੁਲਸ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਤੋਂ ਟਾਲ ਮਟੋਲ ਕਰਦੀ ਆ ਰਹੀ ਹੈ। ਆਗੂਆਂ ਨੇ ਪੁਲਸ ਨੂੰ ਚਿਤਾਵਨੀ ਦੇਣ ਤੋਂ ਬਾਅਦ ਮਾਨਸਾ ਬਰਨਾਲਾ ਮੁੱਖ ਸੜਕ ਉੱਤੇ ਧਰਨਾ ਲਾਕੇ ਟ੍ਰੈਫਿਕ ਜਾਮ ਕਰ ਦਿੱਤਾ। ਜੀਹਦੇ ਕਰਕੇ ਐਸ ਐਚ ਓ ਜਗਜੀਤ ਸਿੰਘ ਵੱਲੋਂ ਐਤਵਾਰ ਤੱਕ ਦੋਸ਼ੀ ਨੂੰ ਗਿਰਫ਼ਤਾਰ ਕਰਨ ਦਾ ਵਾਅਦਾ ਕੀਤਾ ਗਿਆ ਹੈ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਪੁਲਸ ਨੇ ਫਿਰ ਵੀ ਦੋਸ਼ੀ ਨੂੰ ਗਿਰਫ਼ਤਾਰ ਨਾਂ ਕੀਤਾ ਤਾਂ ਜਥੇਬੰਦੀਆਂ ਵੱਲੋਂ 26 ਅਗਸਤ ਨੂੰ ਦੁਬਾਰਾ ਥਾਣੇ ਦਾ ਘਰਾਓ ਕੀਤਾ ਜਾਵੇਗਾ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬੀ ਐੱਸ ਪੀ ਦੇ ਆਗੂ ਏਕਮ ਸਿੰਘ ਛੀਨੀਵਾਲ ਕਲਾਂ,ਨਛੱਤਰ ਸਿੰਘ ਰਾਮਨਗਰ, ਗੁਰਮੇਲ ਸਿੰਘ ਪੱਖੋਕਲਾਂ, ਹਰਪ੍ਰੀਤ ਕੌਰ ਦਾਨਗੜ੍ਹ, ਸ਼ਿੰਗਾਰਾ ਸਿੰਘ ਚੁਹਾਣਕੇ, ਜਸਵਿੰਦਰ ਕੌਰ ਅਤੇ ਸਰਬਜੀਤ ਕੌਰ ਰੂੜੇਕੇ ਕਲਾਂ,ਸਮਾਜ ਸੇਵੀ ਜੱਸੀ ਪੇਧਨੀ, ਜਗਰਾਜ ਸਿੰਘ ਤਾਜੋਕੇ, ਪ੍ਰਕਾਸ਼ ਸਿੰਘ ਸੱਦੋਵਾਲ, ਰੂਪ ਸਿੰਘ ਸ਼ਹਿਣਾ, ਕੌਰ ਸਿੰਘ ਕਲਾਲਮਾਜਰਾ , ਹਰਚਰਨ ਸਿੰਘ ਰੂੜੇਕੇ ਕਲਾਂ ਨੇ ਵੀ ਸੰਬੋਧਨ ਕੀਤਾ।