ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਹੈ ਕਿ ਭਾਵੇਂ ਹੁਣ ਤੱਕ ਭਗਵੰਤ ਮਾਨ ਸਰਕਾਰ ਇਹ ਦਾਅਵਾ ਕਰਦੀਂ ਰਹੀ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਆਮ ਵਰਗੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਜ਼ਾਦੀ ਦਿਵਸ ਮੌਕੇ ਜਲੰਧਰ ਵਿੱਚ 16 ਲੱਖ ਰੁਪਏ ਦੀ ਕੀਮਤ ਨਾਲ਼ ਬਣਾਏ ਗਏ ਬੁਲੇਟ ਪਰੂਫ ਕੈਮਰੇ ਵਿੱਚ ਖੱੜ ਕੇ ਦਿਤੇ ਭਾਸਣ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਸੱਭ ਅੱਛਾ ਨਹੀਂ ਹੈ।
ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਹ ਭਗਵੰਤ ਮਾਨ ਹੀ ਸਨ ਜੋ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੇ ਆਗੂਆਂ ਉਪਰ ਵੀ ਆਈ ਪੀ ਸਭਿਆਚਾਰ ਨੂੰ ਲੈ ਕੇ ਕਟਾਖਸ਼ ਕਰਦੇਂ ਹੁੰਦੇ ਸਨ। ਉਸ ਭਗਵੰਤ ਮਾਨ ਨੂੰ ਹੁਣ ਇਕ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਬੁਲੇਟ ਪਰੂਫ ਕੈਬਿਨ ਵਿਚ ਭਾਸ਼ਣ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਹੀ ਖੱਤਰੇ ਵਿੱਚ ਹੈ ਤਾਂ ਪੰਜਾਬ ਦੇ ਤਿੰਨ ਕਰੋੜ ਵਾਸੀਆਂ ਦੀ ਗੈਂਗਸਟਰਾ ਅਤੇ ਪੰਜਾਬ ਵਿੱਚ ਫਿਰੋਤੀਆ, ਲੁਟਾਂ ਖੋਹਾਂ,ਮਾਰ ਧਾੜ ਕਰ ਰਹੇ ਅਰਾਜਕਤਾਵਾਦੀ ਤੱਤਾਂ ਤੋਂ ਕੌਂਣ ਰਾਖੀ ਕਰੇਗਾ। ਬੱਖਤਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਅਗਸਤ 2023ਨੂੰ 2024 ਦੇ 15 ਅਗਸਤ ਤੱਕ ਪੰਜਾਬ ਚੋਂ ਨਸ਼ੇ ਖੱਤਮ ਕਰਨ ਦਾ ਕੀਤਾ ਦਾਵਾ ਵੀ ਹਰ ਵਾਰ ਦੀ ਤਰ੍ਹਾਂ ਜਨਤਾ ਨਾਲ਼ ਧੋਖਾ ਸਾਬਤ ਹੋਇਆ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਨਸ਼ਿਆਂ ਸਬੰਧੀ ਅੰਕੜਿਆਂ ਦੇ ਵੇਰਵੇ ਦੇਣ ਤੋਂ ਬਿਨਾਂ ਆਪਣੇ ਦਾਅਵੇ ਬਾਰੇ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਪੱਖੋਂ ਨਿਘਰ ਚੁੱਕੀ ਹਾਲਤ ਦੇ ਮੱਦੇਨਜ਼ਰ ਲਿਬਰੇਸ਼ਨ ਸਾਰੇ ਪੰਜਾਬ ਵਿੱਚ ਰਾਜਨੀਤਕ ਕਾਨਫਰੰਸਾਂ ਕਰਨ ਜਾ ਰਹੀ ਹੈ।