ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)– ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਣਕ ਦੀ ਕਟਾਈ ਦਾ ਸੀਜਨ ਪੂਰਾ ਹੋ ਚੁੱਕਿਆ ਹੈ ਅਤੇ ਤੂੜੀ ਬਣਾਉਣ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਇਸ ਮੌਕੇ ਬਚੇ ਨਾੜ ਨੂੰ ਖੇਤਾਂ ਵਿੱਚ ਵਾਹ ਹਰੀ ਖਾਦ ਨਾਲ ਮਿੱਟੀ ਦੀ ਸਿਹਤ ਸੁਧਾਰੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਹਰੀ ਖਾਦ ਦੇ ਲਈ ਕਿਸਾਨ ਜੰਤਰ ਦਾ 20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਕੇ 6-8 ਹਫਤੇ ਦੀ ਫਸਲ ਨੂੰ ਖੇਤ ਵਿੱਚ ਦਬਾ ਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਤੀ ਏਕੜ ਇੱਕ ਬੋਰਾ ਯੂਰੀਏ ਦੀ ਬੱਚਤ ਦੇ ਨਾਲ ਨਾਲ ਝੋਨੇ ਵਿੱਚ ਲੋਹੇ ਦੀ ਘਾਟ ਵੀ ਪੂਰੀ ਹੋਵੇਗੀ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਹਰੀ ਖਾਦ ਜ਼ਮੀਨ ਦੀਆਂ ਹੇਠਲੀਆਂ ਤਹਿਆਂ ਵਿੱਚ ਪਹੁੰਚ ਚੁੱਕੇ ਖੁਰਾਕੀ ਤੱਤਾਂ ਨੂੰ ਉਪਰਲੀ ਤਹਿ ਵਿੱਚ ਲਿਆ ਕੇ ਅਗਲੀ ਫਸਲ ਨੂੰ ਮੁਹੱਈਆ ਕਰਵਾਉਂਦੀ ਹੈ, ਜਿਸ ਨਾਲ ਮਿੱਟੀ ਦੇ ਜੈਵਿਕ ਮਾਦੇ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਠੰਡੇ ਕਰਨ ਲਈ ਛੱਡਿਆ ਜਾਂਦਾ ਪਾਣੀ, ਮਿੱਟੀ ਅਤੇ ਪਾਣੀ ਦੀ ਬਰਬਾਦੀ ਦਾ ਕਾਰਣ ਬਣਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇੱਕ ਵਾਰ 3 ਲੱਖ ਲੀਟਰ ਪਾਣੀ ਜਾਇਆ ਹੁੰਦਾ ਹੈ ਓਥੇ ਹੀ ਇਸ ਨਾਲ ਜਮੀਨ ਵਿੱਚ ਹਾਨੀਕਾਰਕ ਉੱਲੀਆਂ ਅਤੇ ਕੀਟ ਪੈਦਾ ਹੁੰਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ਠੰਡੇ ਕਰਨ ਲਈ ਖੇਤਾਂ ਵਿੱਚ ਪਾਣੀ ਛੱਡਣ ਦੀ ਬਜਾਏ ਖੇਤਾਂ ਨੂੰ ਧੁੱਪ ਲੱਗਣ ਦਿੱਤੀ ਜਾਵੇ ਤਾਂ ਕਿ ਗਰਮੀ ਨਾਲ ਹਾਨੀਕਾਰਕ ਉੱਲੀਆਂ, ਕੀਟ ਅਤੇ ਨਦੀਨ ਦਾ ਬੀਜ ਨਾਸ਼ ਹੋ ਸਕੇ।


