ਕਾਲੇ ਕਾਨੂੰਨਾਂ ਦਾ ਖਾਤਮਾ ਅਤੇ ਪਾਕਿਸਤਾਨ ਨਾਲ ਸੜਕੀ ਰਸਤੇ ਆਵਾਜਾਈ ਤੇ ਵਪਾਰ ਖਲਵਾਉਣਾ ਆਦਿ ਸਾਡੇ ਮੁੱਖ ਏਜੰਡੇ – ਰਾਜਾ ਰਾਮ ਸਿੰਘ

ਬਠਿੰਡਾ-ਮਾਨਸਾ



ਮਾਨਸਾ, ਗੁਰਦਾਸਪੁਰ 3 ਅਗਸਤ ( ਸਰਬਜੀਤ ਸਿੰਘ)– ਲੋਕ ਸਭਾ ਚੋਣਾ ਵਿੱਚ ਬਿਹਾਰ ਦੋ ਦੋ ਲੋਕ ਸਭ ਹਲਕਿਆਂ- ਆਰਾ ਅਤੇ ਕਾਰਾਕਾਟ ਤੋਂ ਜੇਤੂ ਹੋਏ ਸੀ.ਪੀ.ਆਈ/ਐਮ. ਐਲ. ਲਿਬਰੇਸ਼ਨ ਦੇ ਦੋ ਸੰਸਦ ਮੈਂਬਰਾਂ ਕਾਮਰੇਡ ਰਾਜਾ ਰਾਮ ਸਿੰਘ ਅਤੇ ਕਾਮਰੇਡ ਸੁਦਾਮਾ ਪ੍ਰਸ਼ਾਦ ਨਾਲ ਮਿਲਣੀ ਅਤੇ ਸੰਵਾਦ ਦੇ ਰੂਪ ਵਿੱਚ ਬਾਬਾ ਬੂਝਾ ਸਿੰਘ ਭਵਨ ਵਿਖੇ ਇਕ ਵਿਸ਼ੇਸ਼ ਸਮਾਗਮ ਹੋਇਆ, ਜਿਸ ਵਿਚ ਜਿਲ੍ਹਾ ਮਾਨਸਾ ਤੇ ਗੁਆਂਢੀ ਜ਼ਿਲ੍ਹਿਆਂ ਵਿਚੋਂ ਵੱਖ ਵੱਖ ਸਮਾਜਿਕ ਸਿਆਸੀ ਅਤੇ ਜਨਤਕ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਮੁੱਦੇ ਅਤੇ ਸੰਸਦ ਵਿਚ ਉਠਾਏ ਜਾਣ ਵਾਲੇ ਸਵਾਲ ਪਹੁੰਚੇ ਸੰਸਦ ਮੈਂਬਰਾਂ ਨਾਲ ਸਾਂਝੇ ਕੀਤੇ। ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ, ਗੁਰਮੀਤ ਸਿੰਘ ਨੰਦਗੜ੍ਹ ਅਤੇ ਬਿਹਾਰ ਔਰਤ ਕਮਿਸ਼ਨ ਦੀ ਮੈਂਬਰ ਸਾਬਕਾ ਵਿਧਾਇਕਾ ਮੰਜੂ ਪ੍ਰਕਾਸ਼ ਵਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਪਾਰਟੀ ਦੇ ਸੀਨੀਅਰ ਆਗੂ ਤੇ ਬਾਬਾ ਬੂਝਾ ਸਿੰਘ ਯਾਦਗਾਰ ਟਰੱਸਟ ਦੇ ਚੇਅਰਮੈਨ ਨਛੱਤਰ ਸਿੰਘ ਖੀਵਾ ਵਲੋਂ ਸੰਸਦ ਮੈਬਰਾਂ ਨੂੰ ਸਰੋਪੇ ਭੇਂਟ ਕਰਨ ਨਾਲ ਹੋਈ।

ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਸੰਸਦ ਮੈਂਬਰਾਂ ਅਤੇ ਸਮਾਗਮ ਵਿਚ ਹਾਜਰ ਸਮੂਹ ਸੱਜਣਾਂ ਨੂੰ ਆਇਆ ਕਿਹਾ। ਸੰਸਦ ਮੈਂਬਰ ਬਣਨ ਤੋਂ ਪਹਿਲਾਂ ਦੋ ਵਾਰ ਐਮ.ਐਲ.ਏ ਰਹੇ ਕਾਮਰੇਡ ਸਦਾਮਾ ਪ੍ਰਸ਼ਾਦ ਨੇ ਆਪਣ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਿਰਫ ਸਾਡੇ ਹਲਕੇ ਜਾਂ ਬਿਹਾਰ ਦੇ ਐਮ.ਪੀ ਨਾ ਸਮਝਿਆ ਜਾਵੇ ਕਿਉਂਕਿ ਪੰਜਾਬ ਸਮੇਤ ਦੇਸ਼ ਭਰ ਦੇ ਜਮਹੂਰੀਅਤ ਪਸੰਦ ਅਤੇ ਸੰਘਰਸ਼ੀਲ ਮਜਦੂਰਾਂ ਕਿਸਾਨਾਂ, ਔਰਤਾਂ, ਨੌਜਵਾਨਾਂ, ਆਦਿਵਾਸੀਆਂ ਅਤੇ ਛੋਟੇ ਕਾਰੋਬਾਰੀਆਂ- ਦੁਕਾਨਦਾਰਾਂ ਨੇ 20-20 ਰੁਪਏ ਦੇ ਚੰਦੇ ਰਾਹੀਂ ਸਾਡੀ ਚੋਣ ਮੁਹਿੰਮ ਵਿਚ ਯੋਗਦਾਨ ਪਾ ਕੇ ਸਾਨੂੰ ਜਿਤਾਇਆ ਹੈ, ਇਸ ਲਈ ਅਸੀਂ ਦੇਸ਼ ਭਰ ਦੇ ਆਮ ਲੋਕਾਂ ਅਤੇ ਖੱਬੇਪੱਖੀ ਇਨਕਲਾਬੀ ਲਹਿਰ ਦੇ ਨੁਮਾਇੰਦੇ ਹਾਂ । ਅਸੀਂ ਸਧਾਰਨ ਲੋਕਾਂ ਦੇ ਸਾਰੇ ਬੁਨਿਆਦੀ ਸਵਾਲਾ ਨੂੰ ਪੂਰੀ ਤਾਕਤ ਨਾਲ ਲੋਕ ਸਭਾ ਵਿੱਚ ਉਠਾਉਣ ਲਈ ਹਰ ਸੰਭਵ ਯਤਨ ਕਰਾਂਗੇ । ਕਾਮਰੇਡ ਰਾਜਾ ਰਾਮ ਸਿੰਘ ਨੇ ਕਿਹਾ ਕਿ ਸਾਡੀ ਜਿੱਤ ਕੋਈ ਕਰਿਸ਼ਮਾ ਜਾਂ ਐਕਸੀਡੈਂਟਲ ਜਿੱਤ ਨਹੀਂ ਹੈ । ਇਹ ਬਿਹਾਰ ਵਿੱਚ ਸੀ.ਪੀ.ਆਈ. (ਐਮ.ਐਲ.) ਵੱਲੋਂ ਨਕਸਲਬਾੜੀ ਅੰਦੋਲਨ ਤੋਂ ਲੈ ਕੇ ਬੀਤੇ 55 ਸਾਲ ਤੋਂ ਦਲਿਤ ਗਰੀਬ ਜਨਤਾ ਅਤੇ ਬੇਜਮੀਨੇ ਤੇ ਬਟਾਈਦਾਰ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਲੜੀ ਜਾ ਰਹੀ ਸਮਝੌਤਾਹੀਣ ਜਮਾਤੀ ਲੜਾਈ ਦਾ ਹੀ ਨਤੀਜਾ ਹੈ। ਬੇਸ਼ੱਕ ਦੇਸ਼ ਦੀ ਜਨਤਾ ਨੇ ਫਾਸਿਸਟ ਸੰਘ-ਬੀਜੇਪੀ ਗਿਰੋਹ ਨੂੰ ਵੱਡਾ ਝਟਕਾ ਦਿੰਦਿਆਂ ਪੂਰਨ ਬਹੁਮਤ ਤੋਂ ਹੇਠਾਂ ਖਿੱਚ ਲਿਆ ਹੈ, ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਦੇਸ਼ ਦੀਆਂ ਘੱਟ ਗਿਣਤੀਆਂ, ਬੁੱਧੀਜੀਵੀਆਂ ਪੱਤਰਕਾਰਾਂ ਅਤੇ ਸਮੁੱਚੀ ਵਿਰੋਧੀ ਧਿਰ ਉੱਤੇ ਹਮਲੇ ਲਗਾਤਾਰ ਜਾਰੀ ਰੱਖ ਰਹੀ ਹੈ । ਜਿਸ ਕਰਕੇ ਉਸ ਨੂੰ ਕੇਂਦਰ ਤੇ ਸੂਬਿਆਂ ਵਿੱਚੋਂ ਪੂਰੀ ਤਰ੍ਹਾਂ ਸੱਤਾ ਵਿੱਚੋਂ ਬਾਹਰ ਕਰਨ ਲਈ ਇੰਡੀਆ ਗੱਠਜੋੜ ਨੂੰ ਪੂਰੀ ਤਾਕਤ ਨਾਲ ਲੜਾਈ ਅੱਗੇ ਵਧਾਉਣੀ ਪਵੇਗੀ ।
ਉਨ੍ਹਾਂ ਕਿਹਾ ਕਿ ਕੇਂਦਰੀਕਰਨ ਦੇ ਉਲਟ ਤਾਕਤਾਂ ਤੇ ਆਰਥਿਕ ਸੋਮਿਆਂ-ਸਾਧਨਾਂ ਦਾ ਵਿਕੇਂਦਰੀਕਰਨ, ਦੇਸ਼ ਵਿੱਚ ਫੈਡਰਲ ਢਾਂਚੇ ਦੀ ਬਹਾਲੀ, ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਤਮਾਮ ਕਾਲੇ ਕਾਨੂੰਨਾਂ ਦੇ ਖਾਤਮੇ ਲਈ ਲੜਨਾ, ਸਭ ਤੋਂ ਨੇੜਲੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਬੰਧ ਸੁਧਾਰਨਾ, ਸੜਕੀ ਅਤੇ ਆਵਾਜਾਈ ਤੇ ਵਪਾਰ ਖੋਲ੍ਹਣਾ, ਮਜਦੂਰਾਂ ਦੇ ਕਿਰਤ ਕਾਨੂੰਨਾਂ ਤੇ ਘੱਟੋ-ਘੱਟ ਉਜਰਤਾਂ ਲਈ ਰੁਜਗਾਰ ਗਾਰੰਟੀ ਕਾਨੂੰਨ ਬਣਾਉਣਾ ਸਾਡੀ ਪਾਰਟੀ ਦੇ ਤਰਜੀਹੀ ਮੁੱਦੇ ਹਨ । ਅਸੀਂ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕੇ ਸਾਰੇ ਲੋਕਾਂ ਦੀ ਰਿਹਾਈ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਲਈ ਆਵਾਜ਼ ਉਠਾ ਰਹੇ ਹਾਂ ।
ਮੁਸਲਿਮ ਫਰੰਟ ਪੰਜਾਬ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਐਚ.ਆਰ. ਮੋਫਰ ਅਤੇ ਡਾ. ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਆਪਣੇ ਮੈਮੋਰੰਡਮ ਸੰਸਦ ਮੈਂਬਰਾਂ ਨੂੰ ਦਿੱਤੇ ਗਏ । ਇਸ ਮੌਕੇ ਬਲਵਿੰਦਰ ਕੌਰ ਖਾਰਾ, ਸਿਕੰਦਰ ਸਿੰਘ ਘਰਾਂਗਣਾ, ਜਥੇਦਾਰ ਘੁੰਮਡ ਸਿੰਘ ਉਗਰਾਹਾਂ, ਗੁਰਤੇਜ ਸਿੰਘ ਮਹਿਰਾਜ, ਬਲਰਾਜ ਸਿੰਘ ਗਰੇਵਾਲ ਅਤੇ ਜਸਪਾਲ ਖੋਖਰ ਨੇ ਸੰਸਦ ਵਿੱਚ ਉਠਾਏ ਜਾਣ ਵਾਲੇ ਕਈ ਅਹਿਮ ਸੁਆਲ ਸੰਸਦ ਮੈਂਬਰਾਂ ਸਾਹਮਣੇ ਰੱਖੇ । ਇਸ ਮੌਕੇ ਵੱਖ-ਵੱਖ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਆਗੂ, ਸਾਬਕਾ ਸੈਨਿਕਾਂ, ਦੁਕਾਨਦਾਰਾਂ, ਔਰਤਾਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਤੋਂ ਇਲ਼ਾਵਾ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪੁਰਸ਼ੋਤਮ ਸ਼ਰਮਾ ਅਤੇ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਵੀ ਹਾਜ਼ਰ ਸਨ। ਸਟੇਜ ਸੰਚਾਲਨ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਵੱਲੋਂ ਕੀਤਾ ਗਿਆ ।


Leave a Reply

Your email address will not be published. Required fields are marked *