ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੇ ਪ੍ਰਤੀਕਿਰਿਆ ਦੇਂਦਿਆਂ ਕਿਹਾ ਹੈ ਕਿ ਇਹ ਚੋਣ ਜਿੱਤੀ ਨਹੀਂ ਲੁੱਟੀ ਗਈ ਹੈ।ਇਸ ਸਬੰਧੀ ਗਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰੇਆਮ ਪੈਸੇ ਅਤੇ ਸਤਾ ਦੇ ਜ਼ੋਰ ਤੇ ਇਹ ਜਿੱਤ ਦਰਜ ਕੀਤੀ ਹੈ।ਜਿਸ ਤਰ੍ਹਾਂ ਭਾਜਪਾ ਚੋਂ ਚੁੱਕੇ ਗਏ ਉਮੀਦਵਾਰ ਮਹਿੰਦਰ ਭਗਤ ਸਮੇਤ ਕਾਰਪੋਰੇਸ਼ਨ ਮੈਂਬਰਾਂ, ਵੱਖ ਵੱਖ ਪਾਰਟੀਆਂ ਅਤੇ ਵੱਖ ਵੱਖ ਵਰਗਾਂ ਦੇ ਆਗੂਆਂ ਦੀਆਂ ਦਲਬਦਲੀਆ ਕਰਵਾਈਆਂ ਗਈਆਂ,
ਵੋਟਰਾਂ ਨੂੰ ਲਾਲਚ ਦਿੱਤੇ ਗਏ ਅਤੇ ਝੂਠੇ ਵਾਅਦੇ ਕੀਤੇ ਗਏ,ਇਹ ਭ੍ਰਿਸ਼ਟ ਹਥਕੰਡਿਆਂ ਦੀ ਚਰਮਸੀਮਾ ਸੀ। ਬੇਸ਼ੱਕ ਮੁੱਖ ਮੰਤਰੀ ਇਹ ਸੀਟ ਜਿਤ ਕੇ ਆਪਣੀ ਕੁਰਸੀ ਬਚਾਉਣ ਵਿਚ ਆਰਜ਼ੀ ਸਮੇਂ ਲਈ ਕਾਮਯਾਬ ਹੋਇਆ ਹੈ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਹੇ ਵਿਰੋਧ ਖੱਤਮ ਨਹੀਂ ਹੋਣਗੇ ਅਤੇ ਨਾਂ ਹੀ ਸਰਕਾਰ ਨਸ਼ੇ ਅਤੇ ਅਮਨ ਕਾਨੂੰਨ ਵਰਗੇ ਮੁਦਿਆਂ ਦਾ ਹੱਲ ਕਰ ਸਕੇਗੀ।