ਮਾਨਸਾ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਹਾਥਰਸ ਭਗਦੜ ਵਿੱਚ ਮਰਨ ਵਾਲੇ ਲੋਕਾਂ ਦੀ ਸੰਖਿਆ 121 ਤੋਂ ਵੱਧ ਗਈ ਹੈ, ਇਹ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਵੱਡੀ ਦੁੱਖ ਦਾਇਕ ਘਟਨਾ ਹੈ। ਜਿਸ ਵਿੱਚ ਇੱਕ ਪੁਰਸ਼ ਨੂੰ ਛੱਡ ਕੇ ਬਾਕੀ ਸਾਰੀਆਂ ਔਰਤਾਂ ਅਤੇ ਬੱਚੇ ਸ਼ਾਮਲ ਹਨ। ਆਪਣੇ ਆਪ ਨੂੰ ਭਗਵਾਨ ਘੋਸ਼ਤ ਕਰਨ ਵਾਲਾ ਭੋਲ਼ੇ ਬਾਬਾ/ ਸ਼ੰਭੂ ਭਗਵਾਨ ਉਰਫ਼ ਸੂਰਜ ਪਾਲ਼ ਸਿੰਘ ਜੋ ਕਿ ਆਪਣੇ ਵੱਖਰੇ ‘ਹਿੰਦੂ ਪੰਥ’ (ਸਤਿਸੰਗ ) ਦੀ ਅਗਵਾਈ ਕਰਨ ਵਾਲ਼ਾ ਅਤੇ ਇਸ ਦੁੱਖਦਾਇਕ ਘਟਨਾ ਦਾ ਮੁੱਖ ਦੋਸ਼ੀ ਹੈ। ਜਿਸਨੂੰ ਯੋਗੀ ਸਰਕਾਰ ਨੇ ਐਫ਼ ਆਈ ਆਰ ‘ਚੋਂ ਬਾਹਰ ਕਰ ਦਿੱਤਾ ਹੈ। ਹੋਰ ਤਾਂ ਹੋਰ ਸੂਰਜ਼ ਪਾਲ਼ ਨੂੰ ਇਸ ਸਾਰੀ ਤ੍ਰਾਸਦੀ ਦੇ ਲਈ “ਸਮਾਜ ਵਿਰੋਧੀ ਤੱਤਾਂ” ਉੱਪਰ ਦੋਸ਼ ਲਾਉਣ ਅਤੇ ਜਨਤਕ ਤੌਰ ‘ਤੇ ਬਿਆਨ ਬਾਜ਼ੀ ਕਰਨ ਦੀ ਵੀ ਖੁੱਲ੍ਹ ਦੇ ਦਿੱਤੀ ਗਈ ਹੈ। ਲਗਦੇ ਹੱਥ ਮੁੱਖ ਮੰਤਰੀ ਯੋਗੀ ਦੇ ਅਸਿੱਧੇ ਬਿਆਨ ਰਾਹੀਂ ‘ਸਾਜ਼ਿਸ਼’ ਦੇ ਤਹਿਤ ਇਸ਼ਾਰਾ ਕਰਦੇ ਹੋਏ, ਇਹ ਕਿਹਾ ਗਿਆ, ਕਿ “ਮਾਮਲਾ ਕਿਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
ਪੂਰੇ ਮਾਮਲੇ ਵਿੱਚ ਸਥਾਨਕ ਪ੍ਰਸ਼ਾਸ਼ਨ ਅਤੇ ਰਾਜ ਸਰਕਾਰ ਦੀ ਆਪਣੀ ਜ਼ਿਮੇਵਾਰੀ ਅਤੇ ਘੋਰ ਲਾਪ੍ਰਵਾਹੀ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਚੁੱਕੀ ਹੈ। ਜਿਸ ਸਥਾਨ ਤੇ ਭਗਦੜ ਮੱਚੀ ਹੈ ਅਤੇ ਲਾਸ਼ਾਂ ਦੇ ਢੇਰ ਲੱਗ ਗਏ ਹਨ, ਅਸਲ ਵਿੱਚ ਇਕੱਠੀ ਕੀਤੀ ਗਈ ਭੀੜ ਦੇ ਲਈ ਇਹ ਜਗ੍ਹਾ ਬਹੁਤ ਘੱਟ ਸੀ। ਵੱਖ ਵੱਖ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਓਥੇ ਸਿਰਫ਼ 80 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਸੀ ਪਰ ਉਸ ਥਾਂ ਤੇ 2.5 ਲੱਖ਼ ਲੋਕਾਂ ਨੂੰ ਇਕੱਠਾ ਕੀਤਾ ਗਿਆ। ਜਿਸ ਵਿੱਚ ਵੱਧ ਗਿਣਤੀ ਸਮਾਜ ਦੇ ਸਭ ਤੋਂ ਵੱਧ ਪਛੜੇ ਅਤੇ ਗ਼ਰੀਬ ਲੋਕਾਂ ਦੀ ਸੀ। ਲੋੜੀਂਦੀ ਮਾਤਰਾ ਵਿੱਚ ਪੁਲਿਸ ਤੈਨਾਤ ਨਹੀਂ ਕੀਤੀ ਗਈ, ਜਦੋਂ ਕਿ ਆਪੇ ਬਣੇ ਭਗਵਾਨ ਦੀ ‘ਨਿੱਜੀ ਸੈਨਾ’, ਜਿਨ੍ਹਾਂ ਨੂੰ ‘ਸੇਵਾਦਾਰ’ ਕਿਹਾ ਜਾਂਦਾ ਹੈ, ਨੇ ਅਸ਼ੀਰਵਾਦ ਦੇ ਪ੍ਰਤੀਕ ਦੇ ਰੂਪ ‘ਚ ‘ਧੂੜ’ ਇਕੱਠੀ ਕਰਨ ਦੇ ਲਈ ਉਸ ਦੀ ਕਾਰ ਦੇ ਪਿੱਛੇ ਭੱਜ ਰਹੇ ਅਣ – ਮੁਹਾਰੇ ‘ਭਗਤਾਂ’ ਨੂੰ ਇੱਕ ਦਮ ਰੋਕ ਲਿਆ ਗਿਆ। ਸੂਰਜ ਪਾਲ਼ ਦੇ ਸੇਵਾਦਾਰਾਂ ਨੇ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਮਗਰੋਂ ਭਗਦੜ ਮੱਚ ਜਾਣ ਦੇ ਕਾਰਨ ਅੜਿੱਕਾ ਖੜ੍ਹਾ ਕਰ ਦਿੱਤਾ ਗਿਆ। ਲੋਕ ਸ਼ੰਭੂ ਭਗਵਾਨ/ ਭੋਲ਼ੇ ਬਾਬਾ ਦੇ ਬਾਹਰ ਨਿਕਲਣ ਤੋਂ ਵੀ ਚਿੰਤਿਤ ਸਨ। ਸਤਿਸੰਗ ਦੇ ਬਾਹਰ ਵੀ ਲੋੜੀਂਦੀ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਲਈ ਸਬੰਧਤ ਪ੍ਰਸ਼ਾਸ਼ਨ ਉੱਪਰ ਵੀ ਵੱਡੇ ਸਵਾਲ ਉੱਠ ਰਹੇ ਹਨ।ਬੇਸ਼ੱਕ ਪਹਿਲਾਂ ਵੀ ਸਾਰੇ ਪੰਥਾਂ, ਡੇਰਿਆਂ, ਆਸ਼੍ਰਮਾਂ ਦੇ ਵੱਖ ਵੱਖ ਬਾਬਿਆਂ/ਗੁਰੂਆਂ/ਭਗਵਾਨਾਂ, ਜਿਨ੍ਹਾਂ ਉੱਤੇ ਕਤਲਾਂ, ਸਾਧਵੀਆਂ ਦੇ ਨਾਲ ਬਲਾਤਕਾਰਾਂ ਅਤੇ ਆਪਣੇ ਭਗਤਾਂ ਨੂੰ ਬੰਧੂਆ ਬਣਾਕੇ ਰੱਖਣ ਦੇ ਅਨੇਕਾਂ ਕੇਸ ਦਰਜ਼ ਹੋ ਚੁੱਕੇ ਹਨ ਅਤੇ ਕਈ ਬਾਬੇ ਵੱਖ ਵੱਖ ਜੇਲ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਵੀ ਭੁਗਤ ਰਹੇ ਹਨ। ਵੱਖ ਵੱਖ ਸਮੇਂ ‘ਤੇ ਇਹਨਾਂ ਬਾਬਿਆਂ ਵੱਲੋਂ ਹੱਤਿਆ ਕਰਨ ਅਤੇ ਜ਼ਬਰੀ ਬਲਾਤਕਾਰ ਦੀਆਂ ਘਟਨਾਵਾਂ ਦੀਆਂ ਦੰਦ ਕਥਾਵਾਂ ਆਮ ਚਰਚਾ ਵਿੱਚ ਰਹੀਆਂ ਹਨ। ਭੋਲ਼ੇ ਬਾਬੇ ਉਰਫ਼ ਸੂਰਜ ਪਾਲ਼ ਦਾ ਪਿਛੋਕੜ ਵੀ ਅਜਿਹਾ ਹੀ ਦੱਸਿਆ ਜਾ ਰਿਹਾ ਹੈ। ਹਾਲਾਂ ਕਿ ਅਕਸਰ ਹੀ ਇਹ ਆਪਣੇ ਆਪ ਨੂੰ ‘ਇੰਟੈਲੀਜੈਂਸੀ ਬਿਉਰੋ’ ਦਾ ਸਾਬਕਾ ਕਰਮਚਾਰੀ ਹੋਣ ਦਾ ਦਾਅਵਾ ਕਰਦਾ ਆ ਰਿਹਾ ਹੈ। ਰਿਪੋਰਟਾਂ ਅਨੁਸਾਰ ਸੂਰਜ਼ ਪਾਲ਼ ਲੱਗਭਗ 28 ਸਾਲ ਪਹਿਲਾਂ ‘ਏਟਾਵਾ’ ਵਿਖੇ ਇੱਕ ‘ਹੈੱਡ ਕਾਂਸਟੇਬਲ’ ਦੇ ਰੂਪ ‘ਚ ਤੈਨਾਤ ਰਿਹਾ ਹੈ, ਉਸ ਸਮੇਂ ਉਸਦੇ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਉਸਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ। ਉਸਦੇ ਖ਼ਿਲਾਫ਼ ਅਜੇ ਵੀ ਕਥਿਤ ਤੌਰ ‘ਤੇ ਆਗਰਾ, ਏਟਾਵਾ, ਕਾਸਗੰਜ,ਫਾਰੂੱਖ਼ਾਬਾਦ ਅਤੇ ਰਾਜਸਥਾਨ ਸਮੇਤ ਵੱਖ ਵੱਖ ਕੋਰਟਾਂ ਵਿਚ ਕਈ ਕੇਸ ਦਰਜ਼ ਹਨ। ਇਸ ਕਰਕੇ ਉਸਨੇ ਆਪਣੀ ਟਿੱਪਣੀ ਵਿੱਚ ਜੋ ‘ਸਮਾਜ ਵਿਰੋਧੀ ਤੱਤਾਂ’ ਨੇ ਭਗਦੜ ਮਚਾਉਣ ਦੀ ਗੱਲ ਕੀਤੀ ਹੈ, ਕਿਸੇ ਹੋਰ ਦੇ ਮੁਕਾਬਲੇ ਉਸ ਉੱਪਰ ਵਧੇਰੇ ਉਪਯੁਕਤ ਰੂਪ ‘ਚ ਫਿੱਟ ਬੈਠਦੀ ਹੈ।
ਇਸ ਸੰਦਰਭ ਵਿੱਚ,ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਦੁਨੀਆਂ ਭਰ ਦੇ ਸਾਰੇ ‘ਫਾਸ਼ੀਵਾਦੀ ਹਾਕਮਾਂ’ ਦੀ ਤਰ੍ਹਾਂ ਭਾਰਤੀ ‘ਫਾਸ਼ੀਵਾਦੀ ਹਾਕਮ’ ਵੀ ਸੱਤ੍ਹਾ ਦੀ ਭੁੱਖ ਖ਼ਾਤਰ ਆਪਣੇ ਸੌੜੇ ਹਿੱਤਾਂ ਦੇ ਲਈ ਸੰਪਰਦਾਇਕ ਪੰਥਾਂ, ਡੇਰਿਆਂ, ਆਸ਼੍ਰਮਾਂ ਦੀ ਵਰਤੋਂ ਕਰਕੇ ਜਨਤਾ ਵਿੱਚ ਰੂੜੀਵਾਦੀ ਅੰਧਵਿਸ਼ਵਾਸ ਫਲਾਕੇ ਲੋਕਾਂ ਦੇ ਵਿਵਹਾਰ ਨੂੰ ਪ੍ਰਭਾਵਤ ਕਰਨ ਵਿੱਚ ਪੂਰੀ ਤਰ੍ਹਾਂ ਮਾਹਿਰ ਹਨ। ਆਮ ਜਨਤਾ ਦੀ ਭਵਿੱਖਬਾਣੀ ਦੱਸਣ ਵਾਲੇ ਅਤੇ ਖੁਸ਼ਕਿਸਮਤ ਭਵਿੱਖ ਸਿਰਜਣ ਵਾਲ਼ੇ ਬਾਬੇ/ਪੰਥ ਗੁਰੂ/ ਪਿਤਾ/ਭਗਵਾਨ ਆਦਿ ਹਾਕਮਾਂ ਦੇ ਨਾਲ ਮੇਲ ਮਿਲਾਪ ਕਰਕੇ ਲੋਕਾਂ ਦੀ ਚੇਤਨਾ ਨੂੰ ਖੁੰਢਾ ਕਰਨ ਲਈ ਸਭ ਤੋਂ ਵੱਡੀ ਅਤੇ ਮੋਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਗੈਰ ਰਾਜਨੀਤਕ ਬਨਾਉਣ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਅਸਮਾਨ ਛੂ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਕਾਰਪੋਰੇਟੀ ਲੁੱਟ ਹੋਰ ਤਿੱਖੀ ਕਰਨ ਲਈ ਮਿਹਨਤਕਸ਼ ਜਨਤਾ ਅਤੇ ਪੀੜਤ ਲੋਕਾਂ ਉੱਪਰ ਥੋਪੇ ਗਏ ਫਾਸ਼ੀਵਾਦੀ ਆਰਥਿਕ ਸੰਕਟ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਵੱਖ ਵੱਖ ਤਰ੍ਹਾਂ ਦੇ ਅੰਧਵਿਸ਼ਵਾਸ ਪੈਦਾ ਕਰਨ ਲਈ ਡੇਰਾਵਾਦ ਸਭ ਤੋਂ ਵਧੀਆ ਉਪਕਰਣ ਹੈ।
ਭਾਰਤ ਵਿੱਚ ਮੌਜੂਦਾ ਸਮੇਂ ਇਸਨੂੰ ਵਿਆਪਕ ਰਾਜਨੀਤਕ ਸੰਧਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। 2014 ਵਿੱਚ ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਸੱਤਾ ਹਥਿਆ ਲੈਣ ਅਤੇ ਯੂ ਪੀ ਵਿੱਚ ਫਾਸ਼ੀਵਾਦੀ ਯੋਗੀ ਰਾਜ ਦੇ ਡਬਲ ਇੰਜਣ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਹਰ ਖੇਤਰ ਦਾ ਵੱਡੇ ਪੱਧਰ ਤੇ ਭਗਵਾਂਕਰਣ ਕੀਤਾ ਗਿਆ। ਮੰਨੂਵਾਦੀ ਬ੍ਰਾਹਮਣਵਾਦੀ ਹਿੰਦੂਤਵ ਦੀ ਗੈਰ ਵਿਗਿਆਨਕ ਸੋਚ ਦਾ ਪਸਾਰਾ ਕਰਨ ਲਈ ਵੱਡੇ ਪੱਧਰ ਤੇ ਪੂਜਾ – ਪਾਠਾਂ ਦਾ ਢੌਂਗ ਰਚਕੇ ਹਿੰਦੂਤਵ ਦੇ ਏਜੰਡੇ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਮੋਦੀ ਭਾਰਤ ਵਿੱਚ 2000 ਸਾਲ ਪਹਿਲਾਂ ਪਲਾਸਟਿਕ ਸਰਜਰੀ ਦੇ ਸ਼ੁਰੂ ਹੋਣ ਦਾ ਦਾਅਵਾ ਕਰਦਾ ਹੈ। ਯਾਣੀ ਭਗਵਾਨ ਗਣੇਸ਼ ਦੀ ਧੜ ਉੱਤੇ ਹਾਥੀ ਦੇ ਸਿਰ ਦਾ ਹਵਾਲਾ ਦਿੰਦਾ ਹੋਇਆ ਦਾਅਵਾ ਕਰਦਾ ਹੈ। ਇਸੇ ਤਰ੍ਹਾਂ ਕਈ ਹਿੰਦੂ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਧਾਰਮਿਕ ਹਿੰਦੂ ਆਗੂਆਂ ਦੇ ਕੋਲ ਪਹਿਲਾਂ ਹੀ “ਸਰਜਰੀ , ਟੈਸਟ ਟਿਊਬ ਤਕਨੀਕ” ਅਤੇ ਮਿਜ਼ਾਈਲਾਂ ਦੇ ਰੂਪ ਵਿੱਚ “ਵਿਸ਼ਨੂੰ ਚੱਕਰ” ਮੌਜੂਦ ਸੀ। ਹਜ਼ਾਰਾਂ ਸਾਲ ਪਹਿਲਾਂ ਹਵਾਈ ਜਹਾਜ਼ ਅਤੇ ਹਵਾਈ ਅੱਡੇ ਦਾ ਪ੍ਰਚਲਣ ਹੋ ਚੁੱਕਾ ਸੀ। ਇਥੋਂ ਤੱਕ ਕਿ ਕੈਂਸਰ ਦੇ ਇਲਾਜ ਦੇ ਰੂਪ ਵਿੱਚ ‘ਗਊ ਮੂਤਰ ‘ ਦਾ ਦਾਅਵਾ ਵੀ ਕੀਤਾ ਗਿਆ ਹੈ। ‘ਯੋਗ’ ਦੀ ਸੰਪਰਦਾਇਕ ਉਦੇਸ਼ ਦੇ ਲਈ ਮਹਿਮਾਂ – ਮੰਡਿਤ ਕਰਨਾ ਅਤੇ ਢੌਂਗੀ ‘ਭੋਗ ਵਿਲਾਸੀ ਬਾਬਿਆਂ’ ਦੇ ਡੇਰਿਆਂ/ਪੰਥਾਂ ਨੂੰ ਬੜਾਵਾ ਦੇਣ ਉਪਰੰਤ ਅਜਿਹੀਆਂ ਗੈਰ ਵਿਗਿਆਨਕ/ਮਿੱਥਕ ਗੱਲਾਂ ਨਾਲ ਦੇਸ਼ ਵਿੱਚ ਰੂੜੀਵਾਦੀਆਂ ਦੇ ਲਈ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ।
ਅੱਜ ਹਾਥਰਸ ਵਿੱਚ ਜੋ ਕੁੱਝ ਵਾਪਰਿਆ ਹੈ ਇਹ ਰੂੜੀਵਾਦ ਅਤੇ ਧਾਰਮਿਕ ਫਾਸ਼ੀਵਾਦ ਦੀ ਸਿਖ਼ਰ ਹੈ, ਕਿ ਕਿਵੇਂ ਦੇਸ਼ ਭਰ ਵਿੱਚ ਸੱਤਾਧਾਰੀ ਸ਼ਾਸ਼ਕਾਂ ਦੀ ਸਤਰ ਸਾਇਆ ਹੇਠ ਕਈ ਹਿੰਦੂ ਧਰਮ ਗੁਰੂ ਆਪਣੇ – ਆਪਣੇ ਪੰਥਾਂ ਦੇ ਨਾਂ ਤੇ ਵਧ ਫੁੱਲ ਰਹੇ ਹਨ। ਇਸੇ ਕਰਕੇ ਭੋਲ਼ੇ ਬਾਬਾ ਦਾ ਸੁਰੱਖਿਆਤ ਫਰਾਰ ਹੋਣਾ ਅਤੇ ਏਡੇ ਵੱਡੇ ਅਪਰਾਧਿਕ ਦੋਸ਼ ਵਿੱਚ ਉਸਦਾ ਨਾਂ ਦਾਇਰ ਨਾ ਕਰਨਾ, ਯੋਗੀ ਸਰਕਾਰ ਦੀ ਅਨਿਸ਼ਚਤਾ, ਹਿੰਦੂ ਪੰਥ/ਡੇਰੇ/ਆਸ਼੍ਰਮ ਦੇ ਗੁਰੂਆਂ ਅਤੇ ਬਾਬਿਆਂ ਦੇ ਨਾਲ਼ ਸੰਘੀ ਮੰਨੂੰਵਾਦੀ, ਬ੍ਰਹਾਮਣਵਾਦੀ ਫਾਸ਼ੀਵਾਦੀ ਸ਼ਾਸ਼ਕਾਂ ਦੇ ਨਾਲ ਅਪਵਿੱਤਰ ਸਬੰਧਾਂ ਨੂੰ ਉਜਾਗਰ ਕਰਦਾ ਹੈ।


