ਪੰਜਾਬ ਵਿੱਚ ਹਿੰਦੂ ਸਿੱਖਾਂ ਦਰਮਿਆਨ ਪਾੜਾ ਪਾਉਣ ਦੀ ਫਿਰਾਕ ਵਿੱਚ ਕੇਂਦਰੀ ਏਜੰਸੀਆਂ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 8 ਜੁਲਾਈ ( ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਨੇ ਅੰਮ੍ਰਿਤਪਾਲ ਸਿੰਘ ਉੱਪਰ ਮੌਕਾ ਪ੍ਰਸਤ ਸਿਆਸਤ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੋਲ ਇਹ ਜਮਹੂਰੀ ਹੱਕ ਹੈ ਕਿ ਕਿ ਉਹ ਸਿੱਖ ਰਾਜ ਦੀ ਗੱਲ ਕਰ ਸਕਦੇ ਹਨ ਪਰ ਇਹ ਮੌਕਾ ਪ੍ਰਸਤੀ ਹੈ ਕਿ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਲੜਨ ਲਈ ਸੰਵਿਧਾਨ ਦੀ ਸੋਹ ਖਾ ਕੇ ਇਲੈਕਸ਼ਨ ਲੜੋ ਅਤੇ ਸਮੁੱਚੇ ਇਲੈਕਸ਼ਨ ਸੰਘਰਸ਼ ਦੇ ਸਮੇਂ ਵਿੱਚ ਖਾਲਸਾ ਰਾਜ ਦੀ ਕੋਈ ਗੱਲ ਨਾ ਕਰੋ ਅਤੇ ਇਲੈਕਸ਼ਨ ਜਿੱਤਣ ਤੋਂ ਬਾਅਦ, ਲੋਕ ਸਭਾ ਦੇ ਸਪੀਕਰ ਪਾਸ ਜਾ ਕੇ ਸੰਵਿਧਾਨ ਦੀ ਫਿਰ‌ ਸੋਹ ਚੁੱਕੋ ਅਤੇ ਅਗਲੇ ਦਿਨ ਦੁਬਾਰਾ ਬਿਆਨ ਦੇ ਦਿਓ ਕਿ ਅਸੀਂ ਖਾਲਸਾ ਰਾਜ ਚਾਹੁੰਦੇ ਹਾਂ। ਜੇਕਰ ਅੰਮ੍ਰਿਤਪਾਲ ਸਿੰਘ ਖਾਲਸਾ ਰਾਜ ਦੀ ਹੀ ਲੜਾਈ ਲੜ ਰਿਹਾ ਹੈ ਤਾਂ ਉਸ ਨੂੰ ਅਤੇ ਉਸ ਦੇ ਸਮਰਥਕਾਂ ਨੂੰ ਚੋਣ ਮੁਹਿੰਮ ਦੌਰਾਨ ਖਾਲਸਾ ਰਾਜ ਦੇ ਨਾਂ ਤੇ ਵੋਟਾਂ ਮੰਗਣੀਆਂ ਚਾਹੀਦੀਆਂ ਸਨ ਜੋ ਨਹੀਂ ਕੀਤਾ ਗਿਆ। ਲਿਬਰੇਸ਼ਨ ਦਾ ਮੰਨਣਾ ਹੈ ਕਿ ਨਾ ਖਡੂਰ ਸਾਹਿਬ ਹਲਕੇ ਦੇ ਲੋਕ ਅਤੇ ਨਾ ਹੀ ਪੰਜਾਬ ਦੇ ਲੋਕ ਖਾਲਸਾ ਰਾਜ ਦੇ ਵੱਖ ਵਾਦੀ ਨਾਰੇ ਨੂੰ ਕਬੂਲਦੇ ਹਨ ਪੰਜਾਬ ਦੀ ਜਨਤਾ 80 ਦੇ ਦਹਾਕੇ ਵਿੱਚ ਪੰਜਾਬੀਆਂ ਦੇ ਹੋਏ ਨੁਕਸਾਨ ਨੂੰ ਅਜੇ ਤੱਕ ਨਹੀਂ ਭੁੱਲੀ ਅਤੇ ਉਸ ਤਰ੍ਹਾਂ ਦੀ ਲਹਿਰ ਦਾ ਦੁਬਾਰਾ ਪੰਜਾਬੀ ਕਦਚਿਤ ਸਾਥ ਨਹੀਂ ਦੇ ਸਕਦੇ। ਲਿਬਰੇਸ਼ਨ ਦਾ ਇਹ ਵੀ ਮੰਨਣਾ ਹੈ ਕਿ ਖਡੂਰ ਸਾਹਿਬ ਹਲਕੇ ਦੇ ਲੋਕਾਂ ਨਾਲ ਧੋਖਾ ਹੋਇਆ ਹੈ ਅਤੇ ਭਵਿੱਖ ਵਿੱਚ ਪੰਜਾਬ ਦੇ ਲੋਕ ਸੌ ਵਾਰ ਸੋਚਣਗੇ ਕਿ ਸਾਨੂੰ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਕੇ ਵੋਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਲਿਬਰੇਸ਼ਨ ਨੇ ਅੰਮ੍ਰਿਤ ਪਾਲ ਸਿੰਘ ਨੂੰ ਸਵਾਲ ਕੀਤਾ ਹੈ ਕਿ ਕੀ ਸਿੱਖ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਮੌਕਾ ਪ੍ਰਸਤੀ ਦੀ ਕੋਈ ਮਿਸਾਲ ਮਿਲਦੀ ਹੈ ਜਿਸ ਮੌਕਾ ਪ੍ਰਸਤੀ ਦੀ ਉਹਨਾਂ ਨੇ ਲੋਕ ਸਭਾ ਦੀ ਸੀਟ ਹਾਸਿਲ ਕਰਨ ਲਈ ਵਰਤੋਂ ਕੀਤੀ ਹੈ। ਲਿਬਰੇਸ਼ਨ ਨੇ ਕਿਹਾ ਕਿ ਇਸ ਘਟਨਾ ਕਰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੇ ਖਾਲਸਾ ਰਾਜ ਜਾਂ ਖਾਲਿਸਤਾਨ ਦੇ ਨਾਅਰੇ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੈ ਜੋ ਪੰਜਾਬ ਵਿੱਚ ਹਿੰਦੂ ਸਿੱਖਾਂ ਦਰਮਿਆਨ ਪਾੜਾ ਪਾਉਣ ਦੀ ਤਾਂਕ ਵਿਚ ਹਨ। ਜੇਕਰ ਅੰਮ੍ਰਿਤਪਾਲ ਸਿੰਘ ਖਾਲਸਾ ਰਾਜ ਦੀ ਮੰਗ ਉਪਰ ਅਡਿੱਗ ਹਨ ਤਾਂ ਉਹਨਾਂ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਦੁਬਾਰਾ ਖਾਲਸਾ ਰਾਜ ਦੇ ਨਾਅਰੇ ਹੇਠ ਚੋਣ ਲੜਨੀ ਚਾਹੀਦੀ ਹੈ ਸਾਰਾ ਸੱਚ ਸਾਹਮਣੇ ਆ ਜਾਵੇਗਾ।

Leave a Reply

Your email address will not be published. Required fields are marked *