ਤਪਾ, ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਕੱਲ ਚੰਡੀਗੜ੍ਹ ਹਵਾਈ ਅੱਡੇ ਤੇ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਦੌਰਾਨ ਸੀ ਆਈ ਐਸ ਐਫ਼ ਦੀ ਇੱਕ ਕਰਮਚਾਰਨ ਕੁਲਵਿੰਦਰ ਕੌਰ ਵੱਲੋਂ ਭਾਜਪਾ ਦੀ ਨਵੀਂ ਚੁਣੀ ਗਈ ਸੰਸਦ ਮੈਂਬਰ ਅਤੇ ਫ਼ਿਲਮੀ ਨਾਇਕਾ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨੇ ਪੰਜਾਬ ਦੀ ਕਿਸਾਨੀ ਦੇ ਵਲੂੰਧਰੇ ਹਿਰਦਿਆਂ ਨੂੰ ਠਾਰ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕੰਗਣਾ ਰਣੌਤ ਨੇ ਅਨੇਕਾਂ ਵਾਰ ਗ਼ਲਤ ਬਿਆਨਬਾਜ਼ੀ ਕਰਕੇ ਸਮੁੱਚੀ ਕਿਸਾਨੀ ਨੂੰ ਸ਼ਰਮਸਾਰ ਕੀਤਾ ਗਿਆ ਸੀ ਅਤੇ ਕਿਸਾਨ ਔਰਤਾਂ ਪ੍ਰਤੀ ਆਪਣੀ ਸੰਕੀਰਣ ਮਾਨਸਿਕਤਾ ਦਾ ਮੁਜਾਹਰਾ ਕੀਤਾ ਗਿਆ ਸੀ। ਉਸ ਸਮੇਂ ਕੰਗਣਾ ਅੰਦਰ ਉਹ ਘਟੀਆ ਸੋਚ ਘਰ ਕਰ ਗਈ ਸੀ, ਜਿਹੜੀ ਸੋਚ ਨੇ ਭਾਜਪਾ ਦੇ ਹੰਕਾਰ ਨੂੰ ਸੱਤ ਅਸਮਾਨੀ ਚਾੜ੍ਹ ਦਿੱਤਾ ਸੀ ਅਤੇ ਲੋਕ ਵਿਰੋਧੀ ਫ਼ੈਸਲੇ ਲੈਣ ਲਈ ਮਜਬੂਰ ਸੀ। ਆਗੂ ਨੇ ਕਿਹਾ ਕਿ ਜਦੋਂ ਅਨੇਕਾਂ ਵਾਰ ਪ੍ਰੈਸ ਅਤੇ ਮੀਡਿਆ ਵਿੱਚ ਕੰਗਣਾ ਗ਼ਲਤ ਬਿਆਨਬਾਜ਼ੀ ਕਰ ਰਹੀ ਸੀ,ਉਸ ਸਮੇਂ ਉਸਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਕੁਲਵਿੰਦਰ ਕੌਰ ਨੂੰ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਹੈ। ਉਲਟਾ ਕੰਗਣਾ ਰਣੌਤ ਤੇ ਡਿਊਟੀ ਦੌਰਾਨ ਵਿਘਨ ਪਾਉਣ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।