ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ
ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ 6635 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਕੀਤੀ ਜਾ ਰਹੀ ਭਰਤੀ ਤਹਿਤ ਅੱਜ ਨਵਨਿਯੁਕਤ 4 ਪ੍ਰਾਇਮਰੀ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ. ਅਮਰਜੀਤ ਸਿੰਘ ਭਾਟੀਆ ਅਤੇ ਡਿਪਟੀ ਡੀ.ਈ.ਓ. ਬਲਬੀਰ ਸਿੰਘ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਪੰਜਾਬ ਸਰਕਾਰ ਵੱਲੋਂ 6635 ਅਧਿਆਪਕਾਂ ਦੀ ਕੀਤੀ ਜਾ ਰਹੀ ਭਰਤੀ ਤਹਿਤ 140 ਅਧਿਆਪਕਾਂ ਨੂੰ ਪਹਿਲਾਂ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਾਇਨਾਤ ਕੀਤਾ ਜਾ ਚੁੱਕਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਡੀ.ਈ.ਓ. ਦਫ਼ਤਰ ਵਿਖੇ ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ. ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਬਣਾਉਣ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ ਅਤੇ ਅੱਜ ਨਵੇਂ ਚੁਣੇ ਅਧਿਆਪਕਾਂ ਨੂੰ ਬੱਚਿਆਂ ਦੇ ਭਵਿੱਖ ਸਵਾਰਨ ਦੀ ਅਹਿਮ ਜਿੰਮੇਵਾਰੀ ਮਿਲੀ ਹੈ। ਉਨ੍ਹਾਂ ਅਧਿਆਪਕਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਆਪਨ ਦੀ ਸੇਵਾ ਦੌਰਾਨ ਨਵੇਂ ਦਿਸਹੱਦੇ ਸਿਰਜਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਸਹੂਲਤਾਂ ਦੇ ਪੱਖ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ ਅਤੇ ਸਾਰੇ ਅਧਿਆਪਕ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਬੇਹਤਰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਨਵ ਨਿਯੁਕਤ ਅਧਿਆਪਕਾਂ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਮਿਹਤਨ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਡੀ.ਈ.ਓ. ਦਫ਼ਤਰ ਗੁਰਦਾਸਪੁਰ ਦੇ ਸੀਨੀਅਰ ਸਹਾਇਕ ਮਿੱਤਰਵਾਸੂ, ਜੂਨੀਅਰ ਸਹਾਇਕ ਨਰਿੰਦਰ ਸ਼ਰਮਾ, ਪ੍ਰਬੋਧ ਕੁਮਾਰ, ਫ਼ਰਜ਼ੰਦ ਮਸੀਹ, ਸਤਨਾਮ ਸਿੰਘ, ਗੁਰਮੁੱਖ ਸਿੰਘ, ਅਮਨਪ੍ਰੀਤ ਕੌਰ, ਪ੍ਰਿਥਵੀ ਬਹਾਦੁਰ, ਪਰਵੀਨ ਕੁਮਾਰ ਆਦਿ ਹਾਜ਼ਰ ਸਨ।