ਅੰਮ੍ਰਿਤਸਰ, ਗੁਰਦਾਸਪੁਰ, 23 ਮਈ ( ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਵਿੱਚ ਸੋਹੀਆਂ ਕਲਾਂ ਸਮੇਤ ਕਈ ਹੋਰ ਪਿੰਡਾਂ ਵਿਚ ਰੈਲੀਆਂ ਕੀਤੀਆਂ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਜ਼ਿਲ੍ਹਾ ਆਗੂ ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਮੋਦੀ ਸਰਕਾਰ ਹਕੀਕੀ ਰੂਪ ਵਿਚ ਇਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ, ਜੇਕਰ ਤੀਸਰੀ ਦਫਾ ਮੋਦੀ ਸਰਕਾਰ ਸਤਾ ਵਿੱਚ ਆਉਂਦੀ ਹੈ ਤਾਂ ਸੰਵਿਧਾਨ ਦੀ ਜਗ੍ਹਾ ਮਨੂੰ ਸਮ੍ਰਿਤੀ ਅਤੇ ਤਿਰੰਗੇ ਦੀ ਥਾਂ ਭਗਵਾਂ ਝੰਡਾ ਝੁਲ ਜਾਵੇਗਾ ਜਿਸ ਦਾ ਅਰਥ ਦਲਿਤਾਂ, ਔਰਤਾਂ ਅਤੇ ਵੈਸ਼ਾਂ ਦੇ ਇੱਕ ਹਿੱਸੇ ਤੋਂ ਵੋਟਾਂ ਦਾ ਅਧਿਕਾਰ ਖੋਹ ਲਿਆ ਜਾਵੇਗਾ। ਜਮਹੂਰੀ ਅਧਿਕਾਰਾਂ ਦਾ ਭੋਗ ਪੈ ਜਾਵੇਗਾ। ਬੱਖਤਪੁਰਾ ਨੇ ਕਿਹਾ ਕਿ ਦੇਸ਼ ਦੀ ਜਨਤਾ ਮੋਦੀ ਸਰਕਾਰ ਨੂੰ ਇਨ੍ਹਾਂ ਚੋਣਾਂ ਵਿਚ ਚਲਦਾ ਕਰਨਾ ਚਾਹੁੰਦੀ ਹੈ ਤਾਂ ਜੋੇ ਦੇਸ਼, ਦੇਸ਼ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਸਮੇਤ ਇੰਡੀਆ ਗਠਜੋੜ ਦੀਆਂ ਹੋਰ ਪਾਰਟੀਆਂ ਸਰਮਾਏਦਾਰੀ ਜਮਾਤ ਦੀਆਂ ਪਾਰਟੀਆਂ ਹਨ ਪਰ 2024 ਦੀਆਂ ਚੋਣਾਂ ਲੋਕਤੰਤਰ ਬਨਾਮ ਫਾਸਿਸਜ ਵਿਚਕਾਰ ਚੋਣਾ ਹਨ ਜਿਨ੍ਹਾਂ ਚੋਣਾ ਵਿੱਚ ਫਾਸਿਸਜ ਨੂੰ ਸਾਂਝੇ ਤੌਰ ਤੇ ਹੀ ਹਰਾਇਆ ਜਾ ਸਕਦਾ ਹੈ।ਇਸ ਸਮੇਂ ਕੁਲਦੀਪ ਰਾਜੂ ਅਤੇ ਬਚਨ ਸਿੰਘ ਤੇਜਾ ਕਲਾਂ ਨੇ ਵੀ ਆਪਣੇ ਵਿਚਾਰ ਰੱਖੇ।


