ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਵਲੋਂ ਡਾ. ਚੀਮਾ ਦੇ ਹੱਕ ‘ਚ ਪਿੰਡ ਜੋਗਰ ਆਲਮ ‘ਚ ਚੋਣ ਮੀਟਿੰਗ

ਗੁਰਦਾਸਪੁਰ

ਦੀਨਾਨਗਰ, ਗੁਰਦਾਸਪੁਰ, 15  ਮਈ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਵਲੋਂ ਅੱਜ ਸਰਕਲ ਬਹਿਰਾਮਪੁਰ ਦੇ ਪਿੰਡ ਜੋਗਰ ਆਲਮ ਵਿਚ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਮਲਜੀਤ ਚਾਵਲਾ ਨੇ ਅਪੀਲ ਕੀਤੀ ਕਿ ਡਾ. ਚੀਮਾ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਇਕ-ਇਕ ਕੀਮਤੀ ਵੋਟ ਤੱਕੜੀ ਚੋਣ ਨਿਸ਼ਾਨ ‘ਤੇ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਿਸਾਨਾਂ-ਮਜਦੂਰਾਂ ਦੇ ਕਰਜੇ ਮਾਫ ਕਰਨ ਦਾ ਡਰਾਮਾ ਹੁਣ ਲੋਕ ਸਭਾ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ ਕਿਸਾਨ ਬੁੱਧ ਸਿੰਘ ਦੇ ਨਾਲ ਕੀਤਾ ਸੀ ਪਰ ਬਾਅਦ ਵਿਚ ਜਦੋਂ ਬੈਂਕ ਵਾਲੇ ਕਿਸਾਨ ਬੁੱਧ ਸਿੰਘ ਕੋਲੋਂ ਕਰਜਾ ਵਸੂਲੀ ਲਈ ਪੁੱਜੇ ਸਨ ਤਾਂ ਉਸ ਦਾ ਕਰਜਾ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਕੋਲੋਂ ਭਰਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਕੋਲੋਂ ਬਟਾਲਾ ਤੋਂ ਵਿਧਾਇਕ ਹੁੰਦਿਆਂ ਲੋਕ ਭਲੇ ਦਾ ਕੋਈ ਕੰਮ ਨਹੀਂ ਹੋਇਆ ਤੇ ਉਹ ਲੋਕ ਸਭਾ ਵਿਚ ਜਾ ਕੇ ਕੀ ਸੰਵਾਰਨਗੇ। ਚਾਵਲਾ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਦਿਨੇਸ਼ ਬੱਬੂ ਵੀ ਵਿਧਾਇਕ ਹੁੰਦਿਆਂ ਕਦੇ ਵਿਧਾਨ ਸਭਾ ਵਿਚ ਲੋਕ ਮਸਲਿਆਂ ਬਾਰੇ ਨਹੀੰ ਬੋਲਿਆ। ਉਨ੍ਹਾਂ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ਲਈ ਸੱਤਾ ਦੀ ਭੁੱਖ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿਤਾਂ ਵਾਲੀ ਰਾਜਨੀਤੀ ਕੀਤੀ ਹੈ। ਚਾਵਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਜਾਵੇਗਾ ਤਾਂ ਜੋ ਗੁਰਦਾਸਪੁਰ ਦੇ ਮਸਲਿਆਂ ਦੀ ਆਵਾਜ਼ ਲੋਕ ਸਭਾ ਵਿਚ ਪਹੁੰਚਾਈ ਜਾ ਸਕੇ।

ਇਸ ਮੌਕੇ ਸਰਕਲ ਪ੍ਰਧਾਨ ਗੁਰਨਾਮ ਸਿੰਘ ਗੰਜਾ, ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਮੈਂਬਰ ਦਲਬੀਰ ਸਿੰਘ ਭਟੋਆ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਜਕੜੀਆਂ, ਡਾ. ਸੁਖਦੇਵ ਸਿੰਘ ਜੋਗਰ ਆਲਮ, ਦਵਿੰਦਰ ਸਿੰਘ ਜੋਗੀ ਆਲਮ, ਪਿਆਰਾ ਸਿੰਘ ਜੋਗਰ ਆਲਮ, ਐਸ. ਪੀ. ਸਿੰਘ, ਪੂਰਨ ਸਿੰਘ ਜੋਗੀ ਆਲਮ, ਗੁਰਸ਼ਰਨਪ੍ਰੀਤ ਸਿੰਘ, ਮਨਮੋਹਨ ਸਿੰਘ ਅਤੇ ਮੁਨੀਸ਼ ਕੁਮਾਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *