ਮਾਨਸਾ, ਗੁਰਦਾਸਪੁਰ, 14 ਮਈ ( ਸਰਬਜੀਤ ਸਿੰਘ)- ਵੱਖ ਵੱਖ ਸਿਆਸੀ ਪਾਰਟੀਆਂ – ਖਾਸ ਕਰ ਬੀਜੇਪੀ ਦੇ ਉਮੀਦਵਾਰਾਂ ਨੂੰ ਸੁਆਲ ਪੁੱਛਣ ਤੇ ਉਨਾਂ ਨੂੰ ਕਾਲੇ ਝੰਡੇ ਵਿਖਾਉਣ ਬਦਲੇ ਪੁਲਸ ਵਲੋਂ ਵੱਖ ਵੱਖ ਜ਼ਿਲਿਆਂ ਵਿਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਤੇ ਜੇਲ ਭੇਜਣ ਦੀ ਸਖਤ ਨਿੰਦਾ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਉਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨੰਗੀ ਚਿੱਟੀ ਵਾਦਾ ਖਿਲਾਫੀ ਕਰਨ ਵਾਲੀਆਂ ਸਤਾਧਾਰੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੁਆਲ ਪੁੱਛਣਾ ਜਾ ਉਨਾਂ ਦੀਆਂ ਸਰਕਾਰਾਂ ਦੀ ਕਰਤੂਤਾਂ ਖ਼ਿਲਾਫ਼ ਆਵਾਜ਼ ਉਠਾਉਣਾ ਜਨਤਾ ਦਾ ਜਮਹੂਰੀ ਹੱਕ ਹੈ। ਬਿਆਨ ਵਿਚ ਮੁੱਖ ਮੰਤਰੀ ਮਾਨ ਨੂੂੰ ਸੁਆਲ ਕੀਤਾ ਗਿਆ ਹੈ ਕਿ ਅਪਣੇ ਪ੍ਰਮੁੱਖ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਬਦਲੇ ਮੋਦੀ ਸਰਕਾਰ ਨੂੰ ਪਾਣੀ ਪੀ ਪੀ ਕੋਸਣ ਵਾਲੀ ਉਨਾਂ ਦੀ ਸਰਕਾਰ ਖੁਦ ਕਿਸ ਮੂੰਹ ਨਾਲ ਬਿਨ੍ਹਾਂ ਕਿਸੇ ਕੇਸ ਤੋਂ ਕਿਸਾਨ ਆਗੂਆਂ ਨੂੰ ਜੇਲਾਂ ਵਿਚ ਡੱਕ ਰਹੀ ਹੈ? ਇਸ ਧੱਕੇਸ਼ਾਹੀ ਦਾ ਖਮਿਆਜ਼ਾ ‘ਆਪ’ ਨੂੰ ਇੰਨਾ ਚੋਣਾਂ ਵਿਚ ਹੀ ਭੁਗਤਣਾ ਪਵੇਗਾ।


