ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ
ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)— ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸੋਸਾਇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਕਲੀਨਿਕ, ਬਰਿਆਰ ਵਿਚ ਚਲਾਈ ਜਾ ਰਹੀ ਕਲੀਨਿਕ ਵਿਚ ਦਿਓਲ ਮੈਲਟੀਸਪੈਸਲਟੀ ਹਸਪਤਾਲ, ਕਲਾਨੌਰ ਰੋਡ, ਗੁਰਦਾਸਪੁਰ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਰਾਜੀਵ ਸਿੰਘ, ਸਕੱਤਰ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਇਸ ਕੈਪ ਵਿਚ 80 ਦੇ ਕਰੀਬ ਜਨਾਨਾ ਰੋਗ, ਹੱਡੀਆਂ ਦੇ ਰੋਗ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਮੁਫ਼ਤ ਵਿੱਚ ਸ਼ੂਗਰ ਦਾ ਚੈੱਕਅਪ ਅਤੇ ਏ.ਸੀ.ਜੀ ਵੀ ਕੀਤੀ ਗਈ। ਇਹਨਾਂ ਵਿਅਕਤੀਆਂ ਨੂੰ ਚੈੱਕਅਪ ਕਰਨ ਤੋਂ ਬਾਅਦ ਮੌਕੇ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਦਿਓਲ ਹਸਪਤਾਲ ਦੇ ਐਮ.ਡੀ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਨਾਲ ਮਿਲਕੇ ਭਵਿੱਖ ਵਿੱਚ ਇਸ ਤਰਾਂ ਦੇ ਲੋਕ ਭਲਾਈ ਨਾਲ ਸਬੰਧਿਤ ਕੈਪ ਲਗਾਏ ਜਾਣਗੇ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਨੂੰ ਇਹ ਬਿਲਡਿੰਗ ਇੰਦਰਜੀਤ ਸਿੰਘ ਬੈਂਸ ਵੱਲੋਂ ਲੋਕ ਭਲਾਈ ਦੇ ਕੰਮਾਂ ਲਈ ਦਾਨ ਦੇ ਰੂਪ ਵਿਚ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਇਸ ਸੋਸਾਇਟੀ ਵੱਲੋਂ ਇਸ ਬਿਲਡਿੰਗ ਵਿਚ ਗ਼ਰੀਬ ਅਤੇ ਜ਼ਰੂਰਤਮੰਦ ਵਿਅਕਤੀਆਂ ਲਈ ਮੁਫ਼ਤ ਕਲੀਨਿਕ ਖੋਲੀ ਗਈ ਹੈ। ਇਸ ਮੌਕੇ ਤੇ ਰੈੱਡ ਕਰਾਸ ਸੋਸਾਇਟੀ ਦੇ ਕਾਰਜਕਾਰੀ ਮੈਂਬਰ ਡਾ ਸੁਰਿੰਦਰ ਕੋਰ ਪੰਨੂ, ਓਮ ਪ੍ਰਕਾਸ਼ ਸ਼ਰਮਾ, ਇੰਦਰਜੀਤ ਸਿੰਘ ਬਾਜਵਾ ਤੋਂ ਇਲਾਵਾ ਦਿਓਲ ਹਸਪਤਾਲ ਦੀ ਤਰਫ਼ੋਂ ਮੈਡੀਕਲ ਟੀਮ ਵਿਚ ਡਾ ਕਮਲਦੀਪ, ਡਾ ਨਵਦੀਪ ਕੋਰ, ਡਾ ਅੰਕੁਸ਼ ਸ੍ਰੀ ਸਰਵਨ ਸਿੰਘ, ਸ੍ਰੀ ਮਨਦੀਪ ਸਹੋਤਾ, ਪੀ.ਆਰ.ਓ ਅਤੇ ਮੈਡੀਕਲ ਸਟਾਫ਼ ਵੀ ਮੌਜੂਦ ਸੀ।