ਬਟਾਲਾ, ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ (ਏਕਟੂ) ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਫੈਜਪੁਰਾ ਰੋਡ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ।ਇਸ ਦੀ ਤਿਆਰੀ ਸਬੰਧੀ ਅੱਜ ਬਟਾਲੇ ਦੀਆਂ ਫੌਡਰੀਆ ਵਿਖੇ ਰੈਲੀਆਂ ਕਰਦਿਆਂ ਏਕਟੂ ਦੇ ਸੂਬਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਕੁਲਦੀਪ ਰਾਜੂ ਅਤੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ 138 ਸਾਲ ਪਹਿਲਾਂ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਮਜ਼ਦੂਰਾਂ ਨੇ ਇਕ ਲਾਮਿਸਾਲ ਸੰਘਰਸ਼ ਕਰਦਿਆਂ ਅਤੇ ਦਰਜਨ ਭਰ ਮਜ਼ਦੂਰ ਆਗੂਆਂ ਦੀਆਂ ਸ਼ਹਾਦਤਾਂ ਦੇ ਕੇ 8ਘੰਟੇ ਦੀ ਦਿਹਾੜੀ ਅਤੇ 48 ਘੰਟੇ ਹਫਤੇ ਦਾ ਕੰਮ ਕਰਨ ਦੀ ਮੰਗ ਮਨਵਾਈ ਸੀ,ਜਿਸ ਨੂੰ ਬਦਲ ਕੇ ਮੋਦੀ ਸਰਕਾਰ ਨੇ 12ਘੰਟੇ ਦੀ ਦਿਹਾੜੀ ਦਾ ਕਨੂੰਨ ਪਾਸ ਕਰਕੇ ਕਿਰਤੀਆਂ ਦੇ 40ਕਿਰਤ ਕਨੂੰਨਾਂ ਨੂੰ ਚਾਰ ਕੋਡਾ ਵਿਚ ਬਦਲ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਆਗੂਆਂ ਕਿਹਾ ਕਿ 2024 ਦੇ ਮਈ ਦਿਵਸ ਮੌਕੇ ਸਾਫ਼ ਦਿਖਾਈ ਦਿੰਦਾ ਹੈ ਕਿ ਮਜ਼ਦੂਰਾਂ ਅਤੇ ਦੇਸ ਦੇ ਹਿਤ ਭਾਜਪਾ ਦੇ ਹੱਥਾਂ ਵਿਚ ਸੁਰਖਿਅਤ ਨਹੀਂ ਹਨ,ਇਸ ਕਾਰਨ ਮਈ ਦਿਵਸ ਉਪਰ ਮੋਦੀ ਸਰਕਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਜਾਵੇਗਾ ਤਾਂ ਜੋ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਵੀ ਮੋਦੀ ਦੇ ਫਾਸੀ ਰਾਜ ਤੋਂ ਬਚਾਇਆ ਜਾ ਸਕੇ।