ਸਿਹਤ ਵਿਭਾਗ ਦੇ ਚੱਲ ਰਹੇ ਪ੍ਰੋਗਰਾਮਾਂ ਦੇ ਮੁਲਾਂਕਣ ਸਬੰਧੀ ਪੰਚਾਇਤ ਭਵਨ ਵਿਖੇ ਹੋਈ ਮੀਟਿੰਗ

ਗੁਰਦਾਸਪੁਰ

ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਸਿਹਤ ਪ੍ਰੋਗਰਾਮਾਂ ਦੇ ਮੁਲਾਂਕਣ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ ਦੀ ਅਗਵਾਈ ਹੇਠ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਹੋਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਰੋਕਥਾਮ ਦੇ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਮਲੇਰੀਆ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਅਮਲੇ ਵੱਲੋਂ ਫ਼ੀਲਡ ਸਰਵੇ ਜਾਰੀ ਹੈ। ਸਮੂਹ ਨਗਰ ਕੌਂਸਲ ਨੂੰ ਫੋਗਿੰਗ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਪਿਡ ਕਿੱਟਾਂ ਨਾਲ ਮਲੇਰੀਆ ਆਦਿ ਦੀ ਮੌਕੇ ਤੇ ਟੈੱਸਟਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਹਸਪਤਾਲ ਵਿਖੇ ਅਲਾਈਸਾ ਟੈੱਸਟ ਦੀ ਸੁਵਿਧਾ ਹੈ ਜਿਸ ਨਾਲ ਡੇਂਗੂ ਦਾ ਪਤਾ ਲਗਦਾ ਹੈ।

ਜ਼ਿਲ੍ਹਾ ਐਪੀਡਮੇਲੋਜਿਸਟ ਡਾ. ਪ੍ਰਭਜੋਤ ਕਲਸੀ ਨੇ ਦੱਸਿਆ ਕਿ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹਸਪਤਾਲਾਂ ਵਿਚ ਕੂਲ ਰੂਮ ਬਣਾਏ ਗਏ ਹਨ। ਹੀਟ ਵੇਵ ਸਬੰਧੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸਟਾਫ਼ ਨੂੰ ਹਿਦਾਇਤ ਕੀਤੀ ਗਈ ਹੈ ਕਿ ਹੀਟ ਵੇਵ ਦੇ ਕੇਸਾਂ ਦੀ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਵੇ। ਗਰਮੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਪੁਖ਼ਤਾ ਪ੍ਰਬੰਧ ਕੀਤੇ ਜਾਣ। ਵਾਟਰ ਸੈਂਪਲਿੰਗ ਕਰਾਈ ਜਾਵੇ। ਸਿਹਤ ਸੰਸਥਾਵਾਂ ਵਿਚ ਓ.ਆਰ.ਐੱਸ ਦੇ ਪੈਕੇਟ ਜ਼ਰੂਰੀ ਮਾਤਰਾ ਵਿਚ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਹਰੇਕ ਬੂਥ ਤੇ ਸਿਹਤ ਵਿਭਾਗ ਵੱਲੋਂ ਤਾਇਨਾਤ ਕਰਮਚਾਰੀ ਕੋਲ 25 ਪੈਕਟ ਓ.ਆਰ.ਐੱਸ. ਦੇ ਹੋਣਗੇ।

ਮੀਟਿੰਗ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸਵਿਤਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤੰਬਾਕੂਨੋਸ਼ੀ ਦੇ ਚਲਾਨ ਲਗਾਤਾਰ ਕੱਟੇ ਜਾ ਰਹੇ ਹਨ। ਸਹਾਇਕ ਕਮਿਸ਼ਨਰ ਨੇ ਜ਼ਿਲ੍ਹੇ ਦੇ ਬਾਕੀ ਵਿਭਾਗਾਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਵੀ ਤੰਬਾਕੂਨੋਸ਼ੀ ਦੇ ਚਲਾਨ ਕੱਟਣ।

ਮੀਟਿੰਗ ਵਿਚ ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੇ.ਐੱਸ ਪੰਨੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ ਵੱਲੋਂ ਬਟਾਲਾ ਦੀ ਡੇਰਾ ਰੋਡ ਨੂੰ ਕਲੀਨ ਫਰੂਟ ਐਂਡ ਵੈਜੀਟੇਬਲ ਮਾਰਕਿਟ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ। ਈਟ ਰਾਈਟ ਪ੍ਰੋਜੈਕਟ ਤਹਿਤ ਗੁਰਦਾਸਪੁਰ ਵਿਚ ਵੀ ਕਲੀਨ ਸਟਰੀਟ ਫੂਡ ਮਾਰਕਿਟ ਬਣੇਗੀ। ਰੇਹੜੀ ਅਤੇ ਫੜੀ ਵਾਲਿਆਂ ਲਈ ਜ਼ਿਲ੍ਹੇ ਵਿਚ ਕੈਂਪ ਲਾਏ ਜਾਣਗੇ ਜਿੱਥੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੇ ਨਾਲ ਹੀ ਟਰੇਨਿੰਗ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਖਾਦ ਪਦਾਰਥਾਂ ਦੇ ਸੈਂਪਲ ਭਰੇ ਜਾ ਰਹੇ ਹਨ। ਇਸ ਸਬੰਧੀ ਕੇਸ ਵੀ ਦਾਇਰ ਕੀਤੇ ਗਏ ਹਨ। ਇਸ ਮੌਕੇ  ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਹਾਜ਼ਰ ਸਨ।

Leave a Reply

Your email address will not be published. Required fields are marked *