ਦੇਰ ਰਾਤ ਤੱਕ ਰਾਧਾ ਕ੍ਰਿਸ਼ਨਨ ਦੇ ਭਜਨਾਂ ਤੇ ਨੱਚੇ ਸ਼ਰਧਾਲੂ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਪੂਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸਾਹ ਨਾਲ ਮਨਾਇਆ ਗਿਆ। ਜਿੱਥੇ ਰੰਗਾਂ ਦੀ ਹੋਲੀ ਖੇਡਣ ਲਈ ਬੱਚਿਆਂ ਤੇ ਨੌਜਵਾਨਾਂ ਵਿੱਚ ਖਾਸ ਉਤਸਾਹ ਦੇਖਿਆ ਗਿਆ ਉਥੇ ਹੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਵੀ ਆਯੋਜਿਤ ਕਰਵਾਏ ਗਏ। ਸ਼੍ਰੀ ਸਨਾਤਨ ਜਾਗਰਨ ਮੰਚ (ਰਜਿਸਟਰਡ) ਵੱਲੋਂ ਵੀ ਸ੍ਰੀ ਰਾਮ ਸਰਨਮ ਕਲੋਨੀ ਵਿੱਚ ‘ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ’ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦਾ ਦੇਰ ਰਾਤ ਤੱਕ ਸ਼ਰਧਾਲੂ ਆਨੰਦ ਮਾਣਦੇ ਰਹੇ। ਰਵੀ ਮਹਾਜਨ, ਨਿਕੁੰਜ ਮੋਹਨ ਅਤੇ ਵੈਸ਼ਨੋ ਦੇਵੀ ਸਰਾਇਨ ਬੋਰਡ ਦੇ ਸੇਵਾਦਾਰ ਪੰਕਜ ਵੱਲੋਂ ਗਾਏ ਗਏ ਹੋਲੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਤੇ ਸ਼ਰਧਾਲੂ ਜੰਮ ਕੇ ਨੱਚੇ ਅਤੇ ਫੁੱਲਾਂ ਦੀ ਹੋਲੀ ਵੀ ਖੇਡੀ। ਡਾਕਟਰ ਰਾਜਨ ਅਰੋੜਾ ਤੇ ਵੰਦਨਾ ਅਰੋੜਾ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਕਸ਼ਮੀਰ ਸਿੰਘ ਵਾਹਲਾ, ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ,ਨਗਰ ਕੌਂਸਲਰ ਧਾਰੀਵਾਲ ਦੇ ਪ੍ਰਧਾਨ ਤੇ ਅਸ਼ਵਨੀ ਦੁਗਲ, ਨਗਰ ਕੌਂਸਲ ਗੁਰਦਾਸਪੁਰ ਦੇ ਕੌਂਸਲਰ ਨਕੁਲ ਮਹਾਜਨ, ਨਰਿੰਦਰ ਬਾਬਾ, ਫੁੱਲਾਂ ਵਾਲੀ ਮਾਤਾ ਜੀ ਅਤੇ ਪੰਡਤ ਵਿਜੇ ਸ਼ਰਮਾ ਆਦਿ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਦੇਰ ਰਾਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਦੇ ਪੁਜਾਰੀ ਪੰਡਿਤ ਭਰਤ ਦਵੇਦੀ ਵੱਲੋਂ ਵਿਧੀਵੱਤ ਮੰਤਰ ਉਚਾਰਨ ਨਾਲ ਹੋਲੀਕਾ ਦਹਨ ਤੋਂ ਬਾਅਦ ਸਮਾਗਮ ਦਾ ਸਮਾਪਨ ਹੋਇਆ।
ਜਾਣਕਾਰੀ ਦਿੰਦਿਆਂ ਪਵਨ ਸ਼ਰਮਾ ਅਤੇ ਸੋਹਨ ਲਾਲ ਨੇ ਦੱਸਿਆ ਕਿ ਸ੍ਰੀ ਸਨਾਤਨ ਜਾਗਰਨ ਮੰਚ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜਨਾ ਹੈ ਅਤੇ ਇਸ ਦੇ ਲਈ ਸੰਗਠਨ ਵੱਲੋਂ ਲਗਾਤਾਰ ਧਾਰਮਿਕ ਆਯੋਜਨ ਕਰਵਾਏ ਜਾ ਰਹੇ ਹਨ। ਹੋਲੀ ਦੇ ਸਮਾਗਮ ਦੀ ਰੌਣਕ ਵਧਾਉਣ ਲਈ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਕੀਰਤਨ ਸਮਾਗਮ ਕਰਵਾਏ ਜਾ ਰਹੇ ਸਨ ਅਤੇ ਇਹਨਾਂ ਸਮਾਗਮਾਂ ਦਾ ਹੀ ਸਿੱਟਾ ਹੈ ਕਿ ਅੱਜ ਦੇ ਇਸ ਵੱਡੇ ਪ੍ਰੋਗਰਾਮ ਦਾ ਲੋਕਾਂ ਨੇ ਦੇਰ ਰਾਤ ਤੱਕ ਆਨੰਦ ਮਾਣਿਆ ਹੈ ਅਤੇ ਸ਼ਰਧਾਲੂਆਂ ਦਾ ਭਾਰੀ ਇਕੱਠ ਹੋਇਆ ਹੈ। ਉਨਾਂ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਆਗਾਮੀ ਪ੍ਰੋਗਰਾਮ 23 ਅਪ੍ਰੈਲ ਨੂੰ ਸ਼੍ਰੀ ਹਨੁਮਾਨ ਜਨਮ ਉਤਸਵ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮਾਗਮ ਦੀ ਵਿਸਤਾਰ ਨਾਲ ਰੂਪ ਰੇਖਾ ਜਲਦੀ ਹੀ ਘੋਸ਼ਿਤ ਕਰ ਦਿੱਤੀ ਜਾਵੇਗੀ।
ਉੱਥੇ ਹੀ ਡਾਕਟਰ ਰਾਜਨ ਅਰੋੜਾ ਅਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨੇ ਦੱਸਿਆ ਕਿ ਉਹਨਾਂ ਨੂੰ ਹੋਲੀ ਦੇ ਸਮਾਗਮ ਵਿੱਚ ਸ਼ਿਰਕਤ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ। ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਬੇਹਦ ਵਧੀਆ ਤਰੀਕੇ ਨਾਲ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਹੈ ਜਿਸ ਦਾ ਦੇਰ ਰਾਤ ਤੱਕ ਲੋਕਾਂ ਵਿੱਚ ਉਤਸਾਹ ਵੇਖਿਆ ਗਿਆ ਤੇ ਲੋਕ ਦੇਰ ਰਾਤ ਤੱਕ ਭਜਨਾਂ ਤੇ ਝੂੰਮਦੇ ਅਤੇ ਨੱਚਦੇ ਰਹੇ। ਉਹਨਾਂ ਕਿਹਾ ਕਿ ਰੰਗਾ ਦੀ ਬਜਾਏ ਫੁੱਲਾਂ ਦੀ ਹੋਲੀ ਖੇਡਣਾ ਚੰਗਾ ਵੀ ਲੱਗਦਾ ਹੈ ਤੇ ਹਰ ਤਰ੍ਹਾਂ ਨਾਲ ਫਾਇਦੇਮੰਦ ਵੀ ਹੈ। ਸ਼ਹਿਰ ਵਿੱਚ ਅਜਿਹਾ ਧਾਰਮਿਕ ਮਾਹੌਲ ਕਾਇਮ ਕਰਨ ਦੇ ਲਈ ਸ੍ਰੀ ਸਨਾਤਨ ਜਾਗਰਨ ਮੰਚ ਵਧਾਈ ਦੀ ਪਾਤਰ ਹੈ ।


