ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)– ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬੀਤੀ 4 ਮਾਰਚ ਨੂੰ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਜਿਸ ਵਿੱਚ ਇੱਕ ਆਨਲਾਈਨ ਪੋਰਟਲ ਈ-ਸੁਸ਼ਰੁਤ ਉਪਰ ਕੰਮ ਕਰਨ ਲਈ ਕਿਹਾ ਗਿਆ । ਉਪਰੋਕਤ ਪੋਰਟਲ ਤੇ ਕੰਮ ਨਾ ਕਰਨ ਦੀ ਸੁਰਤ ਵਿੱਚ ਤਨਖਾਹ ਕੱਟਣ ਅਤੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੱਤਰ 4 ਮਾਰਚ ਨੂੰ ਕੱਢਿਆ ਗਿਆ ਪਰ ਲਾਗੂ 1 ਮਾਰਚ ਤੋਂ ਕੀਤਾ ਗਿਆ ਹੈ। ਇਤਿਹਾਸ ਵਿੱਚ ਵਿਭਾਗ ਦੁਆਰਾ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਪਹਿਲੀ ਵਾਰ ਦਿੱਤੀ ਗਈ ਹੈ ਜੋ ਸਿਰਫ ਨੈਸ਼ਨਲ ਹੈਲਥ ਮਿਸ਼ਨ ਅਧੀਨ ਕਮਿਊਨਿਟੀ ਹੈਲਥ ਅਫਸਰਾਂ ਲਈ ਹੈ।ਜਿਸ ਦੇ ਪ੍ਰਤੀਕਰਮ ਵਜੋਂ ਕਮਿਊਨਿਟੀ ਹੈਲਥ ਅਫਸਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਪਾਸੋਂ ਪੁੱਛੇ ਜਾਣ ਤੇ ਦੱਸਿਆ ਜਾ ਰਿਹਾ ਹੈ ਕਿ ਉਪਰੋਕਤ ਪੋਰਟਲ ਨੂੰ ਚਲਾਉਣ ਲਈ ਕੰਪਿਊਟਰ ਆਪਰੇਟਰ ਅਤੇ ਇੰਟਰਨੈੱਟ ਦੀ ਲੋੜ ਹੈ ਜਦਕਿ ਹੈਲਥ ਐਂਡ ਵੈਲਨੈਸ ਸੈਂਟਰਾਂ ਉਪਰ ਕੋਈ ਕੰਪਿਊਟਰ ਆਪਰੇਟਰ ਭਰਤੀ ਨਹੀਂ ਕੀਤੇ ਗਏ ਨਾ ਹੀ ਇੰਟਰਨੈੱਟ ਦੀ ਫਸਿਲਟੀ ਦਿੱਤੀ ਗਈ ਹੈ। ਇਹ ਸਾਫਟਵੇਅਰ ਆਮ ਆਦਮੀ ਕਲਿਨਿਕ ਦਾ ਹੈ ਜੋ ਪੰਜਾਬ ਸਰਕਾਰ ਦੁਆਰਾ ਖੋਲ੍ਹੇ ਗਏ ਹਨ ਜਿਸ ਦਾ ਹੈਲਥ ਐਂਡ ਵੈਲਨੈਸ ਸੈਂਟਰ ਨਾਲ ਕੋਈ ਸਬੰਧ ਨਹੀਂ ਹੈ। ਓਥੇ ਵੀ ਇਸ ਸਾਫਟਵੇਅਰ ਤੇ ਕੰਮ ਕਰਨ ਲਈ ਇਕ ਕਲੀਨੀਕਲ ਅਸਿਸਟੈਂਟ ਦੀ ਭਰਤੀ ਕੀਤੀ ਗਈ ਹੈ।
ਵਿਭਾਗ ਦੁਆਰਾ ਇਹ ਪੋਰਟਲ ਧੱਕੇ ਨਾਲ ਕਮਿਊਨਿਟੀ ਹੈਲਥ ਅਫਸਰਾਂ ਉੱਪਰ ਥੋਪਣ ਦੀ ਨੀਅਤ ਨਾਲ ਤਨਖਾਹ ਕੱਟਣ ਅਤੇ ਨੌਕਰੀ ਤੋਂ ਕੱਢਣ ਦਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਅਜਿਹੇ ਵਿੱਚ ਕਮਿਊਨਿਟੀ ਹੈਲਥ ਅਫਸਰ ਕੰਮ ਛੱਡ ਕੇ ਹੜਤਾਲ ਤੇ ਜਾਣ ਲਈ ਮਜਬੂਰ ਹਨ। ਕਿਉਂਕਿ ਨੌਕਰੀ ਦੇ ਸਿਰ ਤੇ ਪਰਿਵਾਰ ਪਾਲ ਰਹੇ ਮੁਲਾਜ਼ਮਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੱਖਣ ਦਾ ਕਿਹ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਨਾ ਜਾਣ ਅਤੇ ਦੂਜੇ ਪਾਸੇ ਸਾਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਤੋਂ ਮਜ਼ਬੂਰ ਹੋਕੇ ਸਾਨੂੰ ਹੋਰ ਵਿਕਲਪ ਵੀ ਦੇਖਣੇ ਪੈਣਗੇ