ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰਾਜ ਕਾਲ ਵਿੱਚ ਕੋਈ ਵੀ ਭੁੱਖਾ ਨਹੀਂ ਰਹੇਗਾ-ਰਮਨ ਬਹਿਲ

ਪੰਜਾਬ

ਬਹਿਲ ਵੱਲੋਂ ਕੌਮੀ ਅੰਨ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਕੀਤੀ ਸ਼ੁਰੂਆਤ
ਗੁਰਦਾਸਪੁਰ 8 ਅਗਸਤ (ਸਰਬਜੀਤ ਸਿੰਘ)- ਆਮ ਆਦਮੀ ਪਾਰਟੀ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਸਾਬਕਾ ਸਿਲੈਕਸਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਗੁਰਦਾਸਪੁਰ ਦੇ ਸੰਗਲਪੁਰ ਰੋਡ ਵਿਖੇ ਕੌਮੀ ਅੰਨ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕੀਤੀ।
ਰਮਨ ਬਹਿਲ ਨਵੇਂ ਕੋਟੇ ਦੀ ਕਣਕ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਸਾਰੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਟੇ ਦੀ ਪੂਰੀ ਕਣਕ ਹੀ ਪ੍ਰਾਪਤ ਕਰਨ ਅਤੇ ਜੇਕਰ ਕਿਸੇ ਬੋਰੀ ਵਿਚ ਨਿਰਧਾਰਤ ਮਾਤਰਾ ਦੇ ਮੁਕਾਬਲੇ ਘੱਟ ਕਣਕ ਨਿਕਲਦੀ ਹੈ ਤਾਂ ਉਹ ਘੱਟ ਕਣਕ ਨਾ ਲੈਣ ਅਤੇ ਇਸ ਸਬੰਧੀ ਤੁਰੰਤ ਅਧਿਕਾਰੀਆਂ ਨੂੰ ਜਾਂ ਉਨਾਂ ਨੂੰ ਸੂਚਿਤ ਕੀਤਾ ਜਾਵੇ। ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਹਲਕੇ ਵਿੱਚ ਕਰੀਬ 40 ਹਜਾਰ ਲੋਕਾਂ ਦੇ ਕਾਰਡ ਬਣੇ ਹੋਏ ਹਨ ਜਿਨਾਂ ਰਾਹੀਂ ਲਾਭਪਾਤਰੀਆਂ ਨੂੰ 6 ਮਹੀਨੇ ਬਾਅਦ ਕਰੀਬ 50 ਹਜ਼ਾਰ ਕੁਇੰਟਲ ਕਣਕ ਵੰਡੀ ਜਾਂਦੀ ਹੈ। ਉਨਾਂ ਕਿਹਾ ਕਿ ਕਾਰਡ ਵਿਚ ਸ਼ਾਮਲ ਹਰੇਕ ਮੈਂਬਰ ਨੂੰ ਪੰਜ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਂਦੀ ਹੈ ਜਿਸ ਤਹਿਤ ਛੇ ਮਹੀਨਿਆਂ ਲਈ ਪ੍ਰਤੀ ਮੈਂਬਰ 30-30 ਕਿੱਲੋ ਕਣਕ ਵੰਡੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਕਣਕ ਸਿਰਫ ਦੋ ਰੁਪਏ ਪ੍ਰਤੀ ਕਿਲੋ ਰੇਟ ਤੇ ਦਿੱਤੀ ਜਾਂਦੀ ਹੈ ਜਦੋਂ ਕਿ ਡਿਪੂ ਹੋਲਡਰ ਕੋਈ ਵੀ ਹੋਰ ਪੈਸਾ ਨਹੀਂ ਵਸੂਲ ਸਕਦਾ। ਉਨਾਂ ਸਮੂਹ ਡਿਪੂ ਹੋਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸੂਰਤ ਵਿੱਚ ਕਿਸੇ ਲਾਭਪਾਤਰੀ ਨੂੰ ਘੱਟ ਕਣਕ ਨਾ ਦੇਣ ਅਤੇ ਜੇਕਰ ਡਿਪੂ ਹੋਲਡਰਾਂ ਨੂੰ ਵੀ ਕੋਈ ਅਧਿਕਾਰੀ ਕਣਕ ਦੇ ਤੋਲ ਵਿੱਚ ਹੇਰਾਫੇਰੀ ਕਰਕੇ ਘੱਟ ਕਣਕ ਭੇਜਦਾ ਹੈ ਤਾਂ ਉਸ ਦੀ ਰਿਪੋਰਟ ਵੀ ਦਿੱਤੀ ਜਾਵੇ। ਰਮਨ ਬਹਿਲ ਨੇ ਸਹਾਇਕ ਫੂਡ ਸਪਲਾਈ ਅਫਸਰ ਗੁਰਦਾਸਪੁਰ ਕੰਵਲਜੀਤ ਸਿੰਘ ਨੂੰ ਵੀ ਅਪੀਲ ਕੀਤੀ ਉਹ ਖ਼ੁਦ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਤਾਂ ਜੋ ਸਰਕਾਰ ਵੱਲੋਂ ਲੋਕਾਂ ਦੀ ਸਹਾਇਤਾ ਅਤੇ ਸਹੂਲਤ ਲਈ ਚਲਾਈ ਜਾ ਰਹੀ ਇਸ ਅਹਿਮ ਯੋਜਨਾ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਹੇਰਾਫੇਰੀ ਨਾ ਹੋ ਸਕੇ। ਬਹਿਲ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਬਦਲਾਅ ਆ ਚੁੱਕਾ ਹੈ ਅਤੇ ਲੋਕ ਕਿਸੇ ਵੀ ਕੀਮਤ ਤੇ ਕਿਸੇ ਭਿ੍ਰਸ਼ਟਾਚਾਰ ਜਾਂ ਹੇਰਾਫੇਰੀ ਨੂੰ ਬਰਦਾਸ਼ਤ ਨਾ ਕਰਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰਾਜ ਕਾਲ ਵਿੱਚ ਕੋਈ ਵੀ ਗਰੀਬ ਆਦਮੀ ਭੁੱਖਾ ਨਹੀਂ ਰਹੇਗਾ।
ਰਮਨ ਬਹਿਲ ਨੇ ਕਿਹਾ ਕਿ ਸਰਕਾਰ ਆਪਣਾ ਫਰਜ ਨਿਭਾ ਰਹੀ ਹੈ ਅਤੇ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰੇਕ ਪੱਧਰ ਦੇ ਭਿ੍ਰਸ਼ਟਾਚਾਰ ਵਿਰੁੱਧ ਖਡੇ ਹੋਣ ਅਤੇ ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਲਈ ਸਰਕਾਰ ਨੂੰ ਦੱਸਣ। ਇਸ ਦੌਰਾਨ ਸਹਾਇਕ ਫੂਡ ਸਪਲਾਈ ਅਫ਼ਸਰ ਕਮਲਜੀਤ ਸਿੰਘ ਅਤੇ ਡਿਪੂ ਹੋਲਡਰਾਂ ਨੇ ਰਮਨ ਬਹਿਲ ਨੂੰ ਭਰੋਸਾ ਦਿਵਾਇਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਕਣਕ ਯੋਗ ਲਾਭਪਾਤਰੀਆਂ ਨੂੰ ਵੰਡਣਗੇ ਅਤੇ ਕਿਸੇ ਕਿਸਮ ਦੀ ਕੋਈ ਬੇਨਿਯਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਹੁਦੇਦਾਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਨਾਂ ਨੇ ਸ਼ਹਿਰ ਅਤੇ ਇਸ ਖੇਤਰ ਵਿੱਚ ਆਏ ਵੱਡੇ ਸੁਧਾਰ ਲਈ ਰਮਨ ਬਹਿਲ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *