ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)– ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਵੱਲੋਂ 17 ਫਰਵਰੀ 2024 ਦਿਨ ਸ਼ਨੀਵਾਰ ਨੂੰ ਕੇਸ਼ੋਪੁਰ-ਮਿਆਣੀ ਕਮਿਊਨਟੀ ਰਿਜ਼ਰਵ (ਰਾਮਸਰ ਸਾਇਟ) ਵਿਖੇ 5ਵਾਂ ਰਾਜ ਪੱਧਰੀ ਪੰਛੀਆਂ ਦਾ ਤਿਉਹਾਰ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 17 ਫਰਵਰੀ ਨੂੰ ਸਵੇਰੇ 10:00 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਜੋ ਕਿ ਦਪੁਿਹਰ 12:00 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਦਕਿ ਸ੍ਰੀ ਵਿਕਾਸ ਗਰਗ (ਆਈ.ਏ.ਐੱਸ) ਵਿੱਤੀ ਕਮਿਸ਼ਨਰ (ਵਣ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 5ਵੇਂ ਰਾਜ ਪੱਧਰੀ ਪੰਛੀਆਂ ਦੇ ਤਿਉਹਾਰ ਮੌਕੇ ਪੰਛੀਆਂ ਦੀ ਫ਼ੋਟੋਗ੍ਰਾਫੀ, ਪੰਛੀਆਂ ਦੀ ਪ੍ਰਦਰਸ਼ਨੀ, ਵਰਕਸ਼ਾਪ, ਗਾਈਡਿੰਗ ਬਰਡ ਵਾਚ ਟੂਰਜ਼ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਉਨ੍ਹਾਂ ਸਮੂਹ ਪੰਛੀ ਅਤੇ ਕੁਦਰਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਹੈ ਕਿ ਆਓ ਅਸੀਂ ਇਨ੍ਹਾਂ ਸਰਦੀਆਂ ਵਿੱਚ ਪੰਛੀਆਂ ਦਾ ਤਿਉਹਾਰ ਕੇਸ਼ੋਪੁਰ-ਮਿਆਣੀ ਛੰਬ ਵਿੱਚ ਮਨਾਈਏ ਅਤੇ ਕਾਦਰ ਦੀ ਖੂਬਸੂਰਤ ਕਾਇਨਾਤ ਨੂੰ ਨੇੜੇ ਤੋਂ ਨਿਹਾਰੀਏ।