ਅੱਜ ਤੀਸਰੇ ਦਿਨ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗੇ 33 ਵਿਸ਼ੇਸ਼ ਕੈਂਪ

ਗੁਰਦਾਸਪੁਰ

ਲੋਕ ਵੱਡੀ ਪੱਧਰ ’ਤੇ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਉਠਾ ਰਹੇ ਹਨ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ

ਬੀਤੇ ਕੱਲ੍ਹ ਕੈਂਪਾਂ ਵਿਚ 1239 ਸੇਵਾਵਾਂ ਲਈ ਆਈਆਂ ਅਰਜ਼ੀਆਂ, 887 ਸੇਵਾਵਾਂ ਮੌਕੇ ’ਤੇ ਕਰਵਾਈਆਂ ਗਈਆਂ ਮੁਹੱਈਆ

ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਉਣ ਅਧਿਕਾਰੀ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)— `ਆਪ ਦੀ ਸਰਕਾਰ ਆਪ ਦੇ ਦੁਆਰ` ਪ੍ਰੋਗਰਾਮ ਤਹਿਤ ਅੱਜ ਤੀਜੇ ਦਿਨ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ 33 ਵਿਸ਼ੇਸ਼ ਵਿਸ਼ੇਸ਼ ਕੈਂਪ ਲਗਾਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਾਮਲ ਹੋ ਕੇ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਉਠਾਇਆ।

ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿਚ ਕੈਂਪ ਲਗਾਉਣ ਦੀ ਸ਼ੁਰੂਆਤ 6 ਫਰਵਰੀ ਤੋਂ ਹੋ ਚੁੱਕੀ ਹੈ ਅਤੇ ਇਕ ਮਹੀਨੇ ਤੱਕ ਇਹ ਕੈਂਪ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਚਾਰ ਵੈਨਾਂ ਵੱਲੋਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੂਜੇੇ ਦਿਨ ਜ਼ਿਲ੍ਹੇ ਦੀਆਂ ਛੇ ਸਬ ਡਵੀਜ਼ਨਾਂ ’ਚ ਲਗਾਏ ਗਏ ਕੈਂਪਾਂ ਵਿਚ 1239 ਸੇਵਾਵਾਂ ਲਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਵਿਚੋਂ 887 ਸੇਵਾਵਾਂ ਮੌਕੇ ’ਤੇ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਅਤੇ ਬਾਕੀ ਸੇਵਾਵਾਂ ਵੀ ਜਲਦ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੈਂਪਾਂ ਵਿਚ ਆਈਆਂ 75 ਸ਼ਿਕਾਇਤਾਂ ਵਿਚੋਂ 37 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕਰ ਦਿੱਤਾ ਜਾਵੇਗਾ।

 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕ ਛੱਤ ਹੇਠਾਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨਾ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਬਿਨੈ ਪੱਤਰਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 09 ਫਰਵਰੀ ਨੂੰ ਵੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਸਵੇਰੇ ਅਤੇ ਦੁਪਹਿਰੇ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।    

Leave a Reply

Your email address will not be published. Required fields are marked *