ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ)–ਕ੍ਰਾਇਮ ਨੂੰ ਰੋਕਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਾਇਮ ਐਂਡ ਸਪੈਸ਼ਲ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਗਣਤੰਤਰ ਦਿਵਸ ਤੇ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਕਾਮੋਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਪੁਲਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕ੍ਰਾਇਮ ਐਂਡ ਸਪੈਸ਼ਲ ਸੈਲ ਟੀਮ ਦਾ ਗਠਨ ਕੀਤਾ ਹੋਇਆ ਹੈ। ਜਿਸਦਾ ਇੰਚਾਰਜ਼ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਲਗਾਇਆ ਹੋਇਆ ਹੈ। ਗੁਰਵਿੰਦਰ ਸਿੰਘ ਵੱਲੋਂ ਸਾਲ 2023 ਵਿੱਚ 27 ਕਿਲੋ ਹੈਰੋਇਨ, 30 ਪਿਸਟਲ, 28 ਮੈਗਜੀਨ ਤੇ ਹੋਰ ਸਮੱਗਰੀ ਸਮੱਗਲਰਾਂ ਕੋਲੋਂ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਤਸੱਕਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਿਆ ਗਿਆ ਹੈ। ਸਹਾਇਕ ਪੁਲਸ ਕਮਿਸ਼ਨਰ ਅਦਿੱਤਆ ਵਾਰੀਅਰ ਦੀਨਾਨਗਰ ਦੀ ਕਮਾਂਡ ਹੇਠ ਪੰਜਾਬ ਦੇ ਬਾਹਰ ਰਾਜਾਂ ਵਿੱਚ ਬੈਠੇ ਖਤਰਨਾਕ ਗੈਂਗਸਟਰ ਤੇ ਨਸ਼ਾ ਤਸੱਕਰਾਂ ਨੂੰ ਦਬੋਚਿਆ ਗਿਆ ਹੈ। ਜਿਸ ਕਰਕੇ ਨਸ਼ੇ ਤੇ ਲਗਾਮ ਲੱਗੀ ਹੈ। ਇਸ ਕਰਕੇ ਸਾਲ 2022-23 ਵਿੱਚ ਗੁਰਵਿੰਦਰ ਸਿੰਘ ਨੂੰ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਵੱਲੋਂ 2 ਵਾਰ ਸਟਾਰ ਲਗਾ ਕੇ ਤਰੱਕੀ ਦਿੱਤੀ ਗਈ ਹੈ। ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਤਰੱਕੀ ਦੇਣ ਲਈ ਗੁਰਵਿੰਦਰ ਸਿੰਘ ਦੀ ਸਿਫਾਰਿਸ਼ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਕੀਤੀ ਗਈ ਹੈ।